IIT ਕਾਨਪੁਰ ’ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Tuesday, Dec 30, 2025 - 05:21 AM (IST)
ਕਾਨਪੁਰ - ਆਈ. ਆਈ. ਟੀ. ਕਾਨਪੁਰ ਦੇ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਜਾਰੀ ਹੈ। ਸੋਮਵਾਰ ਰਾਜਸਥਾਨ ਦੇ ਅਜਮੇਰ ਨਾਲ ਸਬੰਧਤ ਬੀ. ਟੈੱਕ ਦੇ ਅੰਤਿਮ ਸਾਲ ਦੇ ਇਕ ਵਿਦਿਆਰਥੀ ਜੈ ਸਿੰਘ ਮੀਣਾ ਨੇ ਆਪਣੇ ਹੋਸਟਲ ਦੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਹਾਲ ਨੰਬਰ 2, ਬਲਾਕ ਈ ਦੇ ਕਮਰਾ ਨੰਬਰ 148 ’ਚ ਫੰਦੇ ਨਾਲ ਲਟਕਦੀ ਮਿਲੀ। ਕਮਰੇ ’ਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਜਿਸ ’ਚ ਜੈ ਸਿੰਘ ਨੇ ਲਿਖਿਆ ਹੈ ‘ਸਭ ਨੂੰ ਮੁਆਫ਼ ਕਰੋ’।
ਆਈ. ਆਈ. ਟੀ. ਪ੍ਰਸ਼ਾਸਨ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਕਲਿਆਣਪੁਰ ਪੁਲਸ ਤੇ ਫਾਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜੈ ਸਿੰਘ ਦੇ ਪਰਿਵਾਰ ਦੇ ਮੈਂਬਰ ਸਵੇਰ ਤੋਂ ਹੀ ਉਸ ਨੂੰ ਵਾਰ-ਵਾਰ ਫੋਨ ਕਰ ਰਹੇ ਸਨ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਸੀ। ਪਰਿਵਾਰ ਨੇ ਇੱਥੇ ਪਹੁੰਚ ਕੇ ਦੋਸਤਾਂ ਦੀ ਮਦਦ ਨਾਲ ਕਮਰਾ ਲੱਭਿਆ। ਉਨ੍ਹਾਂ ਨੂੰ ਉਸ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲੀ। ਇਸ ਸਾਲ ਅਕਤੂਬਰ ’ਚ ਵੀ ਇੱਥੇ ਬੀ. ਟੈੱਕ ਦੇ ਅੰਤਿਮ ਸਾਲ ਦੇ ਇਕ ਵਿਦਿਆਰਥੀ ਧੀਰਜ ਸੈਣੀ ਨੇ ਖੁਦਕੁਸ਼ੀ ਕਰ ਲਈ ਸੀ। ਆਈ. ਆਈ. ਟੀ. ਪ੍ਰਸ਼ਾਸਨ ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
