ਦੱਖਣੀ ਅਫ਼ਰੀਕਾ ਤੋਂ ਕੂਨੋ ਰਾਸ਼ਟਰੀ ਪਾਰਕ ਲਿਆਂਦੇ ਗਏ ਇਕ ਹੋਰ ਚੀਤੇ ਦੀ ਮੌਤ

04/24/2023 11:18:29 AM

ਭੋਪਾਲ/ਸ਼ਿਓਪੁਰ (ਭਾਸ਼ਾ)- ਦੱਖਣੀ ਅਫਰੀਕਾ ਤੋਂ ਮੱਧ ਪ੍ਰਦੇਸ਼ ਦੇ ਕੂਨੋ ਰਾਸ਼ਟਰੀ ਪਾਰਕ (ਕੇ. ਐੱਨ. ਪੀ.) ’ਚ ਤਬਦੀਲ ਕੀਤੇ ਗਏ 12 ਚੀਤਿਆਂ ’ਚੋਂ ਇਕ ਦੀ ਐਤਵਾਰ ਨੂੰ ਮੌਤ ਹੋ ਗਈ। ਇਹ ਜਾਣਕਾਰੀ ਜੰਗਲਾਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਚੀਤੇ ‘ਉਦੇ’ ਦੀ ਉਮਰ 6 ਸਾਲ ਸੀ। ਜ਼ਿਕਰਯੋਗ ਹੈ ਕਿ ਕੂਨੋ ਰਾਸ਼ਟਰੀ ਪਾਰਕ ’ਚ ਲਗਭਗ ਇਕ ਮਹੀਨੇ ’ਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਨਾਮੀਬੀਆ ਤੋਂ ਕੂਨੋ ਰਾਸ਼ਟਰੀ ਪਾਰਕ ’ਚ ਲਿਆਂਦੇ ਗਏ 'ਸਾਸ਼ਾ' ਨਾਂ ਦੇ ਚੀਤੇ ਦੀ 27 ਮਾਰਚ ਨੂੰ ਗੁਰਦੇ ਦੀ ਬੀਮਾਰੀ ਦੇ ਕਾਰਨ ਮੌਤ ਹੋ ਗਈ ਸੀ।

ਦਰਅਸਲ ਦੇਸ਼ ਨੂੰ 12 ਚੀਤੇ ਮਿਲੇ ਸਨ, ਜਦੋਂ ਚੀਤਿਆਂ ਦਾ ਦੂਜਾ ਜੱਥਾ ਭਾਰਤ ਲਿਆਂਦਾ ਗਿਆ ਸੀ। ਇਨ੍ਹਾਂ ਚੀਤਿਆਂ ਨੂੰ ਹਵਾਈ ਸੈਨਾ ਦੇ ਵਿਸ਼ੇਸ਼ ਸੀ-17 ਗਲੋਬਮਾਸਟਰ ਜਹਾਜ਼ ਰਾਹੀਂ ਗਵਾਲੀਅਰ ਹਵਾਈ ਅੱਡੇ 'ਤੇ ਲਿਆਂਦਾ ਗਿਆ। ਇੱਥੋਂ ਇਨ੍ਹਾਂ ਚੀਤਿਆਂ ਨੂੰ ਹੈਲੀਕਾਪਟਰ ਰਾਹੀਂ ਸ਼ਿਓਪੁਰ ਦੇ ਕੂਨੋ ਨੈਸ਼ਨਲ ਪਾਰਕ ਲਿਜਾਇਆ ਗਿਆ।

ਓਧਰ ਪਾਰਕ ਤੋਂ ਹਾਲ ਹੀ ’ਚ ਭਟਕੇ ਚੀਤੇ ਨੂੰ ਨੇੜਲੇ ਸ਼ਿਵਪੁਰੀ ਜ਼ਿਲੇ ਦੇ ਕਰੈਰਾ ਦੇ ਜੰਗਲ ਤੋਂ ਵਾਪਸ ਲਿਆ ਕੇ ਇਸ ਪਾਰਕ ’ਚ ਫਿਰ ਤੋਂ ਛੱਡ ਦਿੱਤਾ ਗਿਆ ਹੈ। ਇਸ ਨੂੰ ਉੱਤਰ ਪ੍ਰਦੇਸ਼ ’ਚ ਦਾਖਲ ਹੋਣ ਤੋਂ ਪਹਿਲਾਂ ਹੀ ਫੜ ਲਿਆ ਗਿਆ। ਇਸ ਮਹੀਨੇ ’ਚ ਇਹ ਦੂਜੀ ਵਾਰ ਹੈ ਜਦੋਂ ‘ਓਬਾਨ’ ਨਾਂ ਦੇ ਇਸ ਭਟਕੇ ਚੀਤੇ ਨੂੰ ਫੜਿਆ ਗਿਆ ਹੈ ਅਤੇ ਕੂਨੋ ਰਾਸ਼ਟਰੀ ਪਾਰਕ ’ਚ ਵਾਪਸ ਲਿਆਂਦਾ ਗਿਆ ਹੈ।


Tanu

Content Editor

Related News