ਚਿਦਾਂਬਰਮ ਦੀ ਗ੍ਰਿਫਤਾਰੀ ''ਤੇ ਵਿਜ ਨੇ ਦਿੱਤਾ ਇਹ ਬਿਆਨ
Friday, Aug 23, 2019 - 02:10 PM (IST)

ਚੰਡੀਗੜ੍ਹ—ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਸਾਬਕਾ ਵਿੱਤ ਮੰਤਰੀ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦੀ ਗ੍ਰਿਫਤਾਰੀ 'ਤੇ ਕਿਹਾ, 'ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ'। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇਤਾ ਪੀ. ਚਿਦਾਂਬਰਮ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਉਹ ਬੁੱਧੀਮਾਨ ਕਾਂਗਰਸ ਦਾ ਲੀਡਰ ਜੋ ਸਾਰਿਆਂ ਨੂੰ ਉਪਦੇਸ਼ ਦਿੰਦਾ ਹੈ, ਉਸ ਨੇ ਖੁਦ ਕਾਨੂੰਨ ਦਾ ਸਨਮਾਣ ਨਹੀਂ ਕੀਤਾ। ਚੰਗਾ ਤਾਂ ਹੁੰਦਾ ਜਦੋਂ ਉਸ ਦੀ ਜ਼ਮਾਨਤ ਰੱਦ ਹੋ ਗਈ ਸੀ ਤਾਂ ਉਹ ਆਪਣੇ ਆਪ ਨੂੰ ਸੀ. ਬੀ. ਆਈ. ਦੇ ਹਵਾਲੇ ਕਰ ਦਿੰਦਾ।
ਵਿਜ ਨੇ ਕਿਹਾ ਕਿ ਉਹ ਪਹਿਲਾਂ 24-25 ਘੰਟੇ ਲੁਕੇ ਰਹੇ, ਫਿਰ ਸਾਹਮਣੇ ਆਏ ਅਤੇ ਘਰ ਅੰਦਰ ਹੋਣ ਦੇ ਬਾਵਜ਼ੂਦ ਵੀ ਜਦੋਂ ਸੀ. ਬੀ. ਆਈ. ਗ੍ਰਿਫਤਾਰ ਕਰਨ ਗਈ ਤਾਂ ਦਰਵਾਜ਼ਾ ਨਹੀਂ ਖੋਲ੍ਹਿਆ। ਵਿਜ ਨੇ ਕਿਹਾ ਕਿ ਚਿਦਾਂਬਰਮ ਨੂੰ ਇਸ ਅਹੁਦੇ 'ਤੇ ਹੁੰਦੇ ਹੋਇਆ ਇਹ ਸ਼ੋਭਾ ਨਹੀਂ ਦਿੰਦਾ ਅਤੇ ਉਨ੍ਹਾਂ ਨੂੰ ਕਾਨੂੰਨ ਦਾ ਸਨਮਾਣ ਕਰਨਾ ਚਾਹੀਦਾ ਸੀ।
ਇਸ ਤੋਂ ਇਲਾਵਾ ਪ੍ਰਿਯੰਕਾ ਅਤੇ ਰਾਹੁਲ ਵੱਲੋਂ ਚਿਦਾਂਬਰਮ ਦੀ ਗ੍ਰਿਫਤਾਰੀ 'ਤੇ ਸਰਕਾਰ ਨੂੰ ਘੇਰਨ 'ਤੇ ਵਿਜ ਨੇ ਕਿਹਾ ਕਿ ਜਦੋਂ ਅਦਾਲਤ ਨੇ ਕਹਿ ਦਿੱਤਾ ਕਿ ਸਾਰੇ ਭ੍ਰਿਸ਼ਟਾਚਾਰ 'ਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ ਅਤੇ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ ਤਾਂ ਫਿਰ ਅਦਾਲਤ ਤੋਂ ਹੀ ਸੀ. ਬੀ. ਆਈ. ਦੇ ਦਫਤਰ ਚਲੇ ਜਾਂਦੇ। ਪ੍ਰਿਯੰਕਾ ਅਤੇ ਰਾਹੁਲ ਨੂੰ ਇਸ 'ਚ ਬੋਲਣ ਦਾ ਕੀ ਅਧਿਕਾਰ ਹੈ।