ਵਿਧਾਨ ਸਭਾ ਕੰਪਲੈਕਸ ’ਚ ਅਕਾਲੀ ਨੇਤਾਵਾਂ ਦਾ ਕਾਰਾ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ : ਵਿਜ
Friday, Mar 12, 2021 - 12:26 PM (IST)
ਹਰਿਆਣਾ (ਪਾਂਡੇ)– ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਵਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਖਿਲਾਫ ਕਾਲੇ ਝੰਡੇ ਵਿਖਾਉਣ ਅਤੇ ਪ੍ਰਦਰਸ਼ਨ ਕਰਨ ’ਤੇ ਸਖਤ ਪ੍ਰਤੀਕਿਰਆ ਦਿੰਦੇ ਹੋਏ ਟਵੀਟ ਕੀਤਾ ਹੈ। ਟਵੀਟ ਵਿਚ ਕਿਹਾ ਹੈ ਕਿ ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ ਵਲੋਂ ਵਿਧਾਨ ਸਭਾ ਕੰਪਲੈਕਸ ’ਚ ਮੁੱਖ ਮੰਤਰੀ ਖਿਲਾਫ ਪ੍ਰਦਰਸ਼ਨ ਕਰਨ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਾਲਾਂਕਿ ਹਰ ਆਦਮੀ ਨੂੰ ਰਾਜਨੀਤਕ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਦੀ ਆਜ਼ਾਦੀ ਹੈ ਪਰ ਇਹ ਕੁਝ ਹੱਦਾਂ ’ਚ ਰਹਿ ਕੇ ਹੀ ਕੀਤਾ ਜਾ ਸਕਦਾ ਹੈ। ਵਿਧਾਨ ਸਭਾ ਕੰਪਲੈਕਸ ਦੀ ਆਪਣੀ ਇਕ ਮਰਿਆਦਾ ਹੁੰਦੀ ਹੈ, ਜਿਸ ਨੂੰ ਭੰਗ ਨਹੀਂ ਕੀਤਾ ਜਾ ਸਕਦਾ। ਵਿਧਾਨ ਸਭਾ ਕੰਪਲੈਕਸ ’ਚ ਇਸ ਤਰ੍ਹਾਂ ਦਾ ਕਾਰਾ ਬਹੁਤ ਗੰਭੀਰ ਚਿੰਤਾ ਦਾ ਮਾਮਲਾ ਹੈ । ਸ਼੍ਰੋਮਣੀ ਅਕਾਲੀ ਦਲ ਇਕ ਜ਼ਿੰਮੇਦਾਰ ਪਾਰਟੀ ਹੈ ਅਤੇ ਦੇਸ਼ ਦੇ ਪਰਜਾਤੰਤਰ ਲਈ ਇਸਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ, ਇਸ ਲਈ ਪਾਰਟੀ ਨੂੰ ਇਸ ’ਤੇ ਕਾਰਵਾਈ ਕਰਨੀ ਚਾਹੀਦੀ ਹੈ ।
ਤਿੰਨਾਂ ਸੂਬਿਆਂ ਦੇ ਡੀ. ਜੀ. ਪੀਜ਼ ਤੋਂ ਅੱਜ ਰਿਪੋਰਟ ਤਲਬ ਕਰਨਗੇ ਸਪੀਕਰ
ਇਸ ਮਾਮਲੇ ’ਚ ਸਪੀਕਰ ਗਿਆਨਚੰਦ ਗੁਪਤਾ ਨੇ ਸਖਤ ਨੋਟਿਸ ਲੈਂਦੇ ਹੋਏ ਹਰਿਆਣਾ, ਪੰਜਾਬ ਅਤੇ ਚੰਡੀਗੜ ਦੇ ਡੀ. ਜੀ. ਪੀਜ਼ ਤੋਂ ਰਿਪੋਰਟ ਮੰਗੀ ਹੈ। ਸ਼ੁੱਕਰਵਾਰ ਨੂੰ ਤਿੰਨੇ ਡੀ. ਜੀ. ਪੀਜ਼ ਸਪੀਕਰ ਨਾਲ ਬੈਠਕ ਕਰ ਆਪਣੀ ਸਫਾਈ ਪੇਸ਼ ਕਰਨਗੇ। ਉਥੇ ਹੀ, ਹਰਿਆਣਾ ਦੇ ਪੁਲਸ ਅਫਸਰਾਂ ਅਤੇ ਸੀ. ਆਈ. ਡੀ. ਉੱਤੇ ਮੁੱਖ ਮੰਤਰੀ ਦੀ ਸੁਰੱਖਿਆ ਦਾ ਜ਼ਿੰਮਾ ਹੈ, ਅਜਿਹੇ ਵਿਚ ਹੁਣ ਵੇਖਣਾ ਹੋਵੇਗਾ ਕਿ ਡੀ. ਜੀ. ਪੀ. ਮਨੋਜ ਯਾਦਵ ਅਤੇ ਸੀ. ਆਈ. ਡੀ. ਮੁਖੀ ਆਲੋਕ ਮਿੱਤਲ ਆਪਣੀ ਰਿਪੋਰਟ ਵਿਚ ਕੀ ਜਾਣਕਾਰੀ ਦੇਣਗੇ ।
ਮਮਤਾ ਬੈਨਰਜੀ ਦਾ ਬੰਗਾਲ ’ਚ ਕੰਮ ਖਤਮ
ਗ੍ਰਹਿ ਮੰਤਰੀ ਨੇ ਸੱਟ ਨੂੰ ਲੈ ਕੇ ਦਿੱਤੇ ਬਿਆਨਾਂ ’ਤੇ ਪਲਟਵਾਰ ਕਰਦੇ ਹੋਏ ਕਿਹਾ ਹੈ ਕਿ ਮਮਤਾ ਬੈਨਰਜੀ ਰਾਕੇਸ਼ ਟਿਕੈਤ ਬਣਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਥੋੜ੍ਹੇ ਬਹੁਤ ਹੰਝੂ ਡੋਲ੍ਹ ਕੇ ਲੋਕਾਂ ਦੀ ਹਮਦਰਦੀ ਬਟੋਰ ਲਵੇ ਪਰ ਮਮਤਾ ਦਾ ਬੰਗਾਲ ’ਚ ਕੰਮ ਤਮਾਮ ਹੋ ਚੁੱਕਿਆ ਹੈ । ਉਨ੍ਹਾਂ ਨੂੰ ਕੋਈ ਅਜਿਹੀ ਸੱਟ ਨਹੀਂ ਲੱਗੀ, ਜਿਸ ਦਾ ਉਹ ਇੰਨਾ ਪ੍ਰਚਾਰ ਕਰ ਰਹੀ ਹੈ ।
ਵਿਜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ, ਜਿਸ ਤਰ੍ਹਾਂ ਕਾਂਗਰਸ ਦੀਆਂ ਦਲਿਤ ਮਹਿਲਾ ਵਿਧਾਇਕਾਂ ਤੋਂ ਟਰੈਕਟਰ ਖਿਚਵਾਇਆ, ਉਸਦਾ ਵਰਤਾਓ ਬਹੁਤ ਹੀ ਖ਼ਰਾਬ ਲੀਡਰ ਦੀ ਤਰ੍ਹਾਂ ਲੱਗਦਾ ਹੈ ।