ਸੁਣਵਾਈ ਨਾ ਹੋਣ ’ਤੇ ਨਾਰਾਜ਼ ਨੌਜਵਾਨ ਨੇ ਕੈਂਪਸ ’ਚ ਖੜੇ ਵਾਹਨ ਨੂੰ ਲਾਈ ਅੱਗ
Wednesday, Jan 22, 2025 - 05:18 AM (IST)
ਭੋਪਾਲ (ਭਾਸ਼ਾ) - ਭੋਪਾਲ ਜ਼ਿਲਾ ਕੁਲੈਕਟ੍ਰੇਟ ਕੈਂਪਸ ਵਿਚ ਹੋਤਮ ਸਿੰਘ ਨਾਂ ਦੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਮੰਗਲਵਾਰ ਨੂੰ ਇਕ ਵਾਹਨ ਨੂੰ ਅੱਗ ਲਗਾ ਦਿੱਤੀ ਅਤੇ ਆਪਣੇ ਆਪ ’ਤੇ ਪੈਟਰੋਲ ਛਿੜਕ ਲਿਆ ਕਿਉਂਕਿ ਉਸ ਦੀਆਂ ਅਰਜ਼ੀਆਂ ਦਾ ਨਿਪਟਾਰਾ ਨਹੀਂ ਹੋਇਆ। ਹੋਤਮ ਸਿੰਘ ਨੂੰ ਅਜਿਹਾ ਕਰਦਿਆਂ ਦੇਖ ਨੇੜੇ ਖੜੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਇਕ ਸੰਭਾਵੀ ਹਾਦਸਾ ਹੋਣ ਤੋਂ ਟਾਲ ਦਿੱਤਾ। ਕਲੈਕਟ੍ਰੇਟ ਵਿਖੇ ਹਫ਼ਤਾਵਾਰੀ ਜਨਤਕ ਸੁਣਵਾਈ ਤੋਂ ਬਾਅਦ ਵਾਪਰੀ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ।
ਜ਼ਿਲਾ ਮੈਜਿਸਟ੍ਰੇਟ ਕੌਸ਼ਲੇਂਦਰ ਵਿਕਰਮ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੋਤਮ ਸਿੰਘ ਨੇ ਇਕ ਵਾਹਨ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਹੋਤਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਇਕ ਕੇਸ ਐੱਸ. ਡੀ. ਐੱਮ. ਅਦਾਲਤ ਵਿਚ ਅਤੇ ਦੂਜਾ ਹਾਈ ਕੋਰਟ ਵਿਚ ਪੈਂਡਿੰਗ ਹੈ।
ਜ਼ਿਲਾ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੋਤਮ ਸਿੰਘ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਸ ਨੂੰ ਇਕ ਵਿਅਕਤੀ ਤੋਂ ਧਮਕੀਆਂ ਮਿਲੀਆਂ ਹਨ। ਅਸੀਂ ਹੋਤਮ ਸਿੰਘ ਦੇ ਦਾਅਵੇ ਦੀ ਪੁਸ਼ਟੀ ਕਰਾਂਗੇ ਅਤੇ ਦੇਖਾਂਗੇ ਕਿ ਉਸ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ। ਜੇਕਰ ਕੋਈ ਉਸ ਨੂੰ ਧਮਕੀ ਦੇ ਰਿਹਾ ਹੈ ਤਾਂ ਅਸੀਂ ਕਾਰਵਾਈ ਯਕੀਨੀ ਬਣਾਵਾਂਗੇ ਅਤੇ ਇਹ ਵੀ ਦੇਖਾਂਗੇ ਕਿ ਕੇਸ ਦੀ ਸੁਣਵਾਈ ਕਿਵੇਂ ਤੇਜ਼ੀ ਨਾਲ ਕੀਤੀ ਜਾ ਸਕਦੀ ਹੈ। ਹੋਤਮ ਸਿੰਘ ਨੇ ਇਕ ਵਿਅਕਤੀ ’ਤੇ ਉਸ ਦੀ ਪਰਿਵਾਰਕ ਜਾਇਦਾਦ ਹੜੱਪਣ ਦਾ ਦੋਸ਼ ਲਾਇਆ ਹੈ।