ਆਂਧਰਾ ਪ੍ਰਦੇਸ਼ ਪ੍ਰਦੂਸ਼ਣ ਬੋਰਡ ਨੇ ਮੈਡੀਕਲ ਕੂੜੇ ਦੇ ਪ੍ਰਬੰਧਨ ਲਈ ਬਣਾਈ ਐਪ
Monday, May 17, 2021 - 03:16 PM (IST)
ਅਮਰਾਵਤੀ (ਭਾਸ਼ਾ)— ਆਂਧਰਾ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ (ਏ. ਪੀ. ਪੀ. ਸੀ. ਬੀ.) ਨੇ ਕੋਵਿਡ-19 ਹਸਪਤਾਲਾਂ ਅਤੇ ਇਕਾਂਤਵਾਸ ਕੇਂਦਰਾਂ ਦੇ ਮੈਡੀਕਲ ਕੂੜੇ ਦਾ ਪ੍ਰਬੰਧਨ ਕਰਨ ਅਤੇ ਉਸ ਦਾ ਨਿਪਟਾਰਾ ਕਰਨ ਲਈ ਮੋਬਾਇਲ ਐਪ ਤਿਆਰ ਕੀਤਾ ਹੈ। ਬੋਰਡ ਦੇ ਪ੍ਰਧਾਨ ਏ. ਕੇ. ਪਰਿਦਾ ਮੁਤਾਬਕ ਸੂਬੇ ’ਚ 600 ਤੋਂ ਵਧੇਰੇ ਨੋਟੀਫਾਈਡ ਕੋਵਿਡ ਹਸਪਤਾਲਾਂ ਤੋਂ 38 ਟਨ ਮੈਡੀਕਲ ਕੂੜਾ ਰੋਜ਼ਾਨਾ ਪੈਦਾ ਹੋ ਰਿਹਾ ਹੈ ਅਤੇ ਇਸ ਦਾ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕਰਨਾ ਏ. ਪੀ. ਪੀ. ਸੀ. ਬੀ. ਲਈ ਵੱਡੀ ਚੁਣੌਤੀ ਹੈ।
ਕੋਵਿਡ-19 ਮਹਾਮਾਰੀ ਤੋਂ ਬੇਹੱਦ ਪ੍ਰਭਾਵਿਤ ਚਿਤੂਰ ਜ਼ਿਲ੍ਹੇ ਵਿਚ ਔਸਤਨ ਰੋਜ਼ਾਨਾ 5.70 ਟਨ ਕੂੜਾ ਪੈਦਾ ਹੋ ਰਿਹਾ ਹੈ। ਇਸ ਤੋਂ ਬਾਅਦ ਪੂਰਬੀ ਗੋਦਾਵਰੀ ਜ਼ਿਲ੍ਹੇ ਵਿਚ 5.13 ਟਨ ਅਤੇ ਕਡਪਾ ਜ਼ਿਲ੍ਹੇ ਵਿਚ ਸਭ ਤੋਂ ਘੱਟ 0.24 ਟਨ ਕੂੜਾ ਰੋਜ਼ਾਨਾ ਪੈਦਾ ਹੋ ਰਿਹਾ ਹੈ। ਪਰਿਦਾ ਨੇ ਕਿਹਾ ਕਿ ਅਸੀਂ ਹਸਪਤਾਲਾਂ, ਇਕਾਂਤਵਾਸ ਕੇਂਦਰਾਂ ਅਤੇ ਇੱਥੋਂ ਤੱਕ ਕਿ ਘਰਾਂ ਲਈ ਵੀ ਕੋਵਿਡ-19 ਕੂੜੇ ਦੇ ਪ੍ਰਬੰਧਨ ਅਤੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਸੀਂ ਕੂੜਾ ਜਮ੍ਹਾ ਹੋਣ, ਟਰਾਂਸਪੋਰਟ ਅਤੇ ਇਸ ਦੇ ਸ਼ੋਧਨ ’ਤੇ ਕਰੀਬੀ ਨਜ਼ਰ ਰੱਖ ਰਹੇ ਹਾਂ ਅਤੇ ਉਦੇਸ਼ ਲਈ ਇਕ ਮੋਬਾਇਲ ਐੱਪ ਤਿਆਰ ਕੀਤਾ ਗਿਆ ਹੈ। ਇਸ ਲਈ ਸੂਬੇ ਦੇ ਹਸਪਤਾਲਾਂ, ਕੇਂਦਰਾਂ ਅਤੇ ਜਾਂਚ ਲੈਬੋਰਟਰੀਆਂ ਨੂੰ ਇਸ ਐੱਪ ’ਤੇ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੋਵੇਗੀ। ਉਨ੍ਹਾਂ ਨੂੰ ਕੂੜਾ ਪੈਦਾ ਹੋਣ ਤੋਂ ਲੈ ਕੇ ਉਸ ਦੇ ਪ੍ਰਬੰਧਨ ਦੀ ਜਾਣਕਾਰੀ ਮੁਹੱਈਆ ਕਰਾਉਣੀ ਹੋਵੇਗੀ।