ਆਂਧਰਾ ਪ੍ਰਦੇਸ਼ ''ਚ 73 ਨਵੇਂ ਕੇਸ, 11 ਮਹੀਨਿਆਂ ਦਾ ਬੱਚਾ ਵੀ ਕੋਰੋਨਾ ਪਾਜ਼ੇਟਿਵ
Wednesday, Apr 29, 2020 - 12:41 PM (IST)
ਅਮਰਾਵਤੀ (ਭਾਸ਼ਾ)— ਆਂਧਰਾ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 73 ਨਵੇਂ ਕੋਰੋਨਾ ਕੇਸਾਂ 'ਚ 11 ਮਹੀਨਿਆਂ ਦਾ ਇਕ ਬੱਚਾ ਵੀ ਸ਼ਾਮਲ ਹੈ। ਸਰਕਾਰੀ ਬੁਲੇਟਿਨ 'ਚ ਬੁੱਧਵਾਰ ਨੂੰ ਦੱਸਿਆ ਗਿਆ ਹੈ ਕਿ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸ ਵੱਧ ਕੇ 1,332 ਹੋ ਗਏ ਹਨ। ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਪ੍ਰਦੇਸ਼ ਵਿਚ 29 ਹੋਰ ਮਰੀਜ਼ ਵਾਇਰਸ ਤੋਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ ਕੁੱਲ 287 ਮਰੀਜ਼ ਠੀਕ ਹੋ ਚੁੱਕੇ ਹਨ। ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 31 ਬਣੀ ਹੋਈ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਭ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੁਰਨੂਲ ਜ਼ਿਲੇ ਦਾ 11 ਮਹੀਨਿਆਂ ਦਾ ਬੱਚਾ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ। ਉਸ ਦੇ ਪਰਿਵਾਰ ਦਾ ਇਕ ਮੈਂਬਰ ਪਿਛਲੇ ਮਹੀਨੇ ਤਬਲੀਗੀ ਜਮਾਤ ਦੇ ਪ੍ਰੋਗਰਾਮ ਤੋਂ ਪਰਤਿਆ ਸੀ। ਇਹ ਬੱਚਾ ਪ੍ਰਦੇਸ਼ 'ਚ ਕੋਰੋਨਾ ਤੋਂ ਪੀੜਤ ਹੋਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਚਾ ਹੈ।
ਪਰਿਵਾਰ ਨੂੰ 14 ਦਿਨਾਂ ਲਈ ਇਕਾਂਤਵਾਸ ਰੱਖਿਆ ਗਿਆ ਸੀ ਪਰ ਬਾਅਦ 'ਚ ਜਾਂਚ 'ਚ ਬੱਚਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਕੁਰਨੂਲ 'ਚ ਸਥਿਤੀ ਦੀ ਨਿਗਰਾਨੀ ਕਰ ਰਹੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਫਿਰ ਤੋਂ ਜਾਂਚ ਕਰਵਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਬੱਚਿਆਂ ਨੂੰ ਘਰ 'ਚ ਹੀ ਇਕਾਂਤਵਾਸ 'ਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ।