ਰਿਸ਼ਤੇਦਾਰ ਨੇ ਇਕ ਹੀ ਪਰਿਵਾਰ ਦੇ 3 ਲੋਕਾਂ ਦਾ ਕੀਤਾ ਕਤਲ

Thursday, Nov 23, 2023 - 05:51 PM (IST)

ਰਿਸ਼ਤੇਦਾਰ ਨੇ ਇਕ ਹੀ ਪਰਿਵਾਰ ਦੇ 3 ਲੋਕਾਂ ਦਾ ਕੀਤਾ ਕਤਲ

ਪਾਲਨਾਡੂ- ਆਂਧਰਾ ਪ੍ਰਦੇਸ਼ ਦੇ ਪਿਡੁਗੁਰੱਲਾ 'ਚ ਇਕ ਰਿਸ਼ਤੇਦਾਰ ਨੇ ਵਿਆਹੁਤਾ ਵਿਵਾਦ ਨੂੰ ਲੈ ਕੇ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਤਿਹਰੇ ਕਤਲਕਾਂਡ ਦਾ ਖ਼ੁਲਾਸਾ ਵੀਰਵਾਰ ਨੂੰ ਸਵੇਰੇ ਹੋਇਆ। ਪੁਲਸ ਨੇ ਦੱਸਿਆ ਕਿ ਡੀ. ਸ਼੍ਰੀਨਿਵਾਸ ਰਾਵ (28) ਨਾਮੀ ਦੋਸ਼ੀ ਨੇ ਆਂਧਰਾ ਪ੍ਰਦੇਸ਼ ਦੇ ਪਾਲਨਾਡੂ ਜ਼ਿਲ੍ਹੇ ਦੇ ਪਿਦੁਗੁਰੱਲਾ ਡਵੀਜ਼ਨ ਦੇ ਕੋਨੰਕੀ ਪਿੰਡ ਵਿਚ ਆਪਣੇ ਰਿਸ਼ਤੇਦਾਰ ਏ. ਨਰੇਸ਼ (32), ਉਨ੍ਹਾਂ ਦੇ ਪਿਤਾ ਏ. ਸੰਬਾਸ਼ਿਵ ਰਾਵ (63) ਅਤੇ ਉਨ੍ਹਾਂ ਦੀ ਮਾਂ ਏ. ਆਦਿ ਲਕਸ਼ਮੀ (60) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। 

ਪੁਲਸ ਨੇ ਦੱਸਿਆ ਕਿ ਨਰੇਸ਼ ਦੀ ਪਤਨੀ ਡੀ. ਮਾਧੁਰੀ ਨੇ ਆਪਣੇ ਪਤੀ ਨਾਲ ਵਿਵਾਦ ਮਗਰੋਂ ਬੁੱਧਵਾਰ ਰਾਤ ਆਪਣੇ ਭਰਾ ਸ਼੍ਰੀਨਿਵਾਸ ਰਾਵ ਅਤੇ ਪਿਤਾ ਡੀ. ਸੁੱਬਾ ਰਾਵ (62) ਨੂੰ ਬੁਲਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਮਾਧੁਰੀ ਢਿੱਡ ਦਰਦ ਕਾਰਨ ਆਪਣੇ ਖੇਤਾਂ ਵਿਚ ਖੇਤੀਬਾੜੀ ਦੇ ਕੰਮਾਂ ਲਈ ਨਹੀਂ ਜਾ ਸਕਦੀ ਸੀ, ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਪੁਲਸ ਨੇ ਦੱਸਿਆ ਕਿ ਜਿਵੇਂ ਹੀ ਪਤੀ-ਪਤਨੀ ਵਿਚਾਲੇ ਝਗੜਾ ਵਧਿਆ ਤਾਂ ਨਰੇਸ਼ ਨੇ ਮਾਧੁਰੀ ਦੀ ਗਰਦਨ ਫੜ ਲਈ, ਜਿਸ ਨਾਲ ਸ਼੍ਰੀਨਿਵਾਸ ਗੁੱਸੇ ਹੋ ਗਿਆ ਅਤੇ ਉਸ ਨੇ ਨਰੇਸ਼ ਅਤੇ ਉਸ ਦੇ ਮਾਪਿਆਂ ਦਾ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। 

ਪੁਲਸ ਮੁਤਾਬਕ ਮਾਧੁਰੀ ਨਰੇਸ਼ ਦੀ ਦੂਜੀ ਪਤਨੀ ਸੀ ਅਤੇ ਜੋੜੇ ਦਾ 6 ਸਾਲ ਦਾ ਪੁੱਤਰ ਹੈ। ਜੋੜੇ ਵਿਚਾਲੇ ਪਿਛਲੇ ਇਕ ਸਾਲ ਤੋਂ ਵਿਵਾਦ ਚੱਲ ਰਿਹਾ ਸੀ। ਪੁਲਸ ਨੇ ਸ਼੍ਰੀਨਿਵਾਸ ਰਾਵ ਅਤੇ ਸੁੱਬਾ ਰਾਵ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ IPC ਦੀ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਹੈ। 


author

Tanu

Content Editor

Related News