ਵਾਦੀ ’ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, ਸੁਰੱਖਿਆ ਫੋਰਸਾਂ ਨੇ ਢੇਰ ਕੀਤੇ 2 ਅੱਤਵਾਦੀ, 4 ਗ੍ਰਿਫਤਾਰ

05/11/2022 10:31:34 AM

ਸ਼੍ਰੀਨਗਰ/ਅਨੰਤਨਾਗ– ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਡੁਰੂ ਦੇ ਕ੍ਰੀਰੀ ਇਲਾਕੇ ਵਿਚ ਮੰਗਲਵਾਰ ਨੂੰ ਮੁਕਾਬਲੇ ਵਿਚ ਸੁਰੱਖਿਆ ਫੋਰਸਾਂ ਨੇ 2 ਅੱਤਵਾਦੀਆਂ ਨੂੰ ਮਾਰ ਮੁਕਾਇਆ। ਸੂਤਰਾਂ ਨੇ ਦੱਸਿਆ ਕਿ ਪੁਲਸ ਅਤੇ ਫੌਜ ਦੀ 19 ਆਰ. ਆਰ. ਦੀ ਇਕ ਸਾਂਝੀ ਟੀਮ ਨੇ ਡੁਰੂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਸੁਰੱਖਿਆ ਫੋਰਸਾਂ ਦੀ ਸਾਂਝੀ ਟੀਮ ਸ਼ੱਕੀ ਜਗ੍ਹਾ ਵੱਲ ਵਧੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿਚ 2 ਤੋਂ 3 ਅੱਤਵਾਦੀ ਫਸੇ ਹੋਏ ਹਨ, ਜਿਨ੍ਹਾਂ ਵਿਚੋਂ 2 ਅੱਤਵਾਦੀ ਮਾਰੇ ਗਏ, ਜਿਨ੍ਹਾਂ ਦੀ ਅਜੇ ਪਛਾਣ ਨਹੀਂ ਹੋਈ ਹੈ। ਖਬਰ ਲਿਖੇ ਜਾਣ ਤੱਕ ਮੁਕਾਬਲਾ ਜਾਰੀ ਸੀ।

ਓਧਰ ਵਾਦੀ ਵਿਚ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ ਕਰਦੇ ਹੋਏ ਸ਼੍ਰੀਨਗਰ ਦੇ ਬੇਮਿਨਾ ਤੋਂ ਲਸ਼ਕਰ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਅੱਤਵਾਦੀ ਸ਼੍ਰੀਨਗਰ ਅਤੇ ਹੋਰਨਾਂ ਖੇਤਰਾਂ ਵਿਚ ਹਮਲੇ ਦੀ ਤਾਕ ਵਿਚ ਸਨ। ਅੱਤਵਾਦੀਆਂ ਕੋਲੋਂ 4 ਪਿਸਟਲਾਂ ਸਮੇਤ ਕਈ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਪੁਲਸ ਨੇ ਦਿੱਤੀ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਖਿਲਾਫ ਸੁਰੱਖਿਆ ਫੋਰਸਾਂ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।

ਸ਼ੋਪੀਆਂ ਜ਼ਿਲੇ ਦੇ ਪੰਡੋਸ਼ਨ ਇਲਾਕੇ ਵਿਚ ਮੁਕਾਬਲੇ ਦੌਰਾਨ ਜ਼ਖਮੀ ਇਕ ਨਾਗਰਿਕ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਪੰਡੋਸ਼ਨ ਸ਼ੋਪੀਆਂ ਦੇ ਸ਼ਾਹਿਦ ਗਨੀ ਡਾਰ ਨੇ ਸ਼੍ਰੀਨਗਰ ਦੇ 92 ਬੇਸ ਹਸਪਤਾਲ ਵਿਚ ਦਮ ਤੋੜ ਦਿੱਤਾ। ਉਨ੍ਹਾਂ ਬੀਤੀ ਸ਼ਾਮ ਨੂੰ ਦੱਸਿਆ ਸੀ ਕਿ ਮੁਕਾਬਲੇ ਵਿਚ 2 ਨਾਗਰਿਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਸ਼੍ਰੀਨਗਰ ਦੇ 92 ਬੇਸ ਹਸਪਤਾਲ ਲਿਜਾਇਆ ਗਿਆ ਜਿਥੇ ਸ਼ਾਹਿਦ ਨੇ ਦਮ ਤੋੜ ਦਿੱਤਾ, ਜਦਕਿ ਇਕ ਹੋਰ ਨਾਗਰਿਕ ਸ਼ੋਏਬ ਅਹਿਮਦ ਮੰਟੂ ਅਤੇ ਜ਼ਖਮੀ ਸਿਪਾਹੀ ਸੰਜੀਵ ਦਾਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਨੂੰ ਰੋਕ ਦਿੱਤਾ ਗਿਆ ਕਿਉਂਕਿ ਅੱਤਵਾਦੀ ਭੱਜਣ ਵਿਚ ਸਫਲ ਰਹੇ।


Rakesh

Content Editor

Related News