ਮੋਦੀ ਸਰਕਾਰ ’ਚ ਚੱਲ ਰਿਹਾ ਹੈ ਮਜ਼ੇਦਾਰ ਪ੍ਰਯੋਗ
Thursday, May 25, 2023 - 01:24 PM (IST)

ਨਵੀਂ ਦਿੱਲੀ- ਮੋਦੀ ਸਰਕਾਰ ’ਚ ਇਸ ਸਮੇਂ ਇਕ ਮਜ਼ੇਦਾਰ ਪ੍ਰਯੋਗ ਚੱਲ ਰਿਹਾ ਹੈ। ਅੰਦਰੂਨੀ ਸੂਤਰਾਂ ਅਨੁਸਾਰ ਸਾਰੇ ਕੇਂਦਰੀ ਮੰਤਰੀਆਂ ਨੂੰ ਆਪਣੇ ਖੁਦ ਦੇ ਮੰਤਰਾਲਾ ਤੋਂ ਇਲਾਵਾ ਕਿਸੇ ਹੋਰ ਮੰਤਰਾਲਾ ਦੇ ਕੰਮਕਾਜ, ਇਤਿਹਾਸਕ ਪ੍ਰੋਜੈਕਟਾਂ ਅਤੇ ਪ੍ਰਾਪਤੀਆਂ ਤੋਂ ਜਾਣੂ ਹੋਣ ਲਈ ਕਿਹਾ ਗਿਆ ਹੈ।
ਮੰਨਿਆ ਜਾ ਰਿਹਾ ਹੈ ਇਹ ਮਤਾ ਪ੍ਰਧਾਨ ਮੰਤਰੀ ਦਫਤਰ ਤੋਂ ਆਇਆ ਹੈ ਅਤੇ ਇਸ ਦਾ ਮਕਸਦ ਇਹ ਤੈਅ ਕਰਨਾ ਹੈ ਕਿ ਮੰਤਰੀਆਂ ਦਾ ਗਿਆਨ ਕਿਸੇ ਖਾਸ ਖੇਤਰ ਤੱਕ ਸੀਮਤ ਨਾ ਰਹੇ। ਇਸ ਦੀ ਬਜਾਏ ਉਨ੍ਹਾਂ ਨੂੰ ਪੂਰੀ ਸਰਕਾਰ ਦੇ ਕੰਮਕਾਜ ਅਤੇ ਉਨ੍ਹਾਂ ਦੀਆਂ ਸਫਲਤਾ ਦੀਆਂ ਕਹਾਨੀਆਂ ਦੀ ਸਮੀਖਿਆ ਕਰਨੀ ਚਾਹੀਦੀ। ਇਹ ਤਰਕ ਦਿੱਤਾ ਜਾਂਦਾ ਹੈ ਕਿ ਇਸ ਨਾਲ ਮੰਤਰੀਆਂ ਨੂੰ ਮੀਡੀਆ ਅਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ’ਚ ਵੀ ਮਦਦ ਮਿਲੇਗੀ।
ਜ਼ਾਹਿਰ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਜਦ ਉਨ੍ਹਾਂ ਦੀ ਮੁਹਾਰਤ ਨਾਲ ਸਬੰਧਤ ਖੇਤਰਾਂ ਤੋਂ ਬਾਹਰ ਦੇ ਮੁੱਦਿਆਂ ’ਤੇ ਜਾਣਕਾਰੀ ਮੰਗੀ ਜਾਵੇ ਤਾਂ ਉਨ੍ਹਾਂ ਦੇ ਮੰਤਰੀ ਡਗਮਗਾਉਣ। ਦੂਜੇ ਪਾਸੇ ਮੋਦੀ ਸਰਕਾਰ ਦੇ ਮੰਤਰੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਲਈ ਸਮਾਂ ਕੱਢਣਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਇਕ ਕੈਬਨਿਟ ਮੰਤਰੀ ਨੇ ਇਕ ਇੰਟਰਵਿਊ ’ਚ ਇਕ ਕਿੱਸਾ ਸੁਣਾਇਆ ਕਿ ਉਨ੍ਹਾਂ ਦੀ ਬੇਟੀ ਬਹੁਤ ਪ੍ਰੇਸ਼ਾਨ ਹੈ ਕਿ ਉਹ ਐਤਵਾਰ ਨੂੰ ਵੀ ਉਨ੍ਹਾਂ ਲਈ ਸਮਾਂ ਨਹੀਂ ਕੱਢ ਪਾ ਰਹੇ ਹਨ। ਇਕ ਹੋਰ ਕੈਬਨਿਟ ਮੰਤਰੀ ਨੇ ਕਿਹਾ,‘ਅਸੀਂ ਇਕ ਜੰਗੀ ਮਸ਼ੀਨ ਜਾਂ ਰੋਬੋਟ ਵਰਗੇ ਹੋ ਗਏ ਹਾਂ।’
ਇਕ ਹੋਰ ਮੰਤਰੀ ਨੇ ਅਫਸੋਸ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਫਤੇ ’ਚ ਘੱਟੋ-ਘੱਟ 4 ਦਿਨ ਕਿਸੇ ਨਾ ਕਿਸੇ ਕਾਰਨ ਆਪਣੀ ਸਵੇਰ ਦੀ ਕਸਰਤ ਛੱਡਣੀ ਪੈਂਦੀ ਹੈ ਜਦਕਿ ਇਕ ਹੋਰ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਪਰਿਵਾਰ ਨਾਲ ਡਿਨਰ ਲਈ ਮੁਸ਼ਕਿਲ ਨਾਲ ਹੀ ਸਮਾਂ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਹਰ ਵੇਲੇ ਜੰਗ ਵਰਗੇ ਹਾਲਾਤ ’ਚ ਰਹਿੰਦੇ ਹਾਂ ਅਤੇ ਮੈਦਾਨ ਨੂੰ ਵਿਚਾਲੇ ਨਹੀਂ ਛੱਡ ਸਕਦੇ। ਨਵੀਆਂ ਗਾਈਡਲਾਈਨਸ ਅਨੁਸਾਰ ਜੇ ਉਹ ਕਿਸੇ ਜਨਤਕ ਸਮਾਰੋਹ ਲਈ ਆਪਣੇ ਗ੍ਰਹਿ ਸੂਬੇ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਉਨ੍ਹਾਂ ਨੂੰ ਆਪਣੇ ਸੂਬਾ ਪ੍ਰਧਾਨ ਨੂੰ ਸੂਚਿਤ ਕਰਨਾ ਪੈਂਦਾ ਹੈ। ਇਥੋਂ ਤੱਕ ਕਿ ਪਾਰਟੀ ਮਾਮਲਿਆਂ ’ਤੇ ਟੀ. ਵੀ. ਇੰਟਰਵਿਊ ’ਚ ਹਾਜ਼ਰ ਹੋਣ ਲਈ ਉਨ੍ਹਾਂ ਨੂੰ ਇਕ ਡਰਿੱਲ ਦੀ ਪਾਲਣਾ ਕਰਨੀ ਪੈਂਦੀ ਹੈ ਕਿਉਂਕਿ ਪੂਰਾ ਸਿਸਟਮ ਕੇਂਦਰੀਕ੍ਰਿਤ ਹੈ।