ਜਸਟਿਸ ਅਮਜਦ-ਏ-ਸਈਦ ਹੋਣਗੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਨਵੇਂ ਚੀਫ਼ ਜਸਟਿਸ
Wednesday, May 18, 2022 - 04:23 PM (IST)
ਸ਼ਿਮਲਾ– ਬਾਂਬੇ ਹਾਈ ਕੋਰਟ ਦੇ ਸੀਨੀਅਰ ਜੱਜ ਅਮਜਦ-ਏ-ਸਈਦ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ 27ਵੇਂ ਚੀਫ਼ ਜਸਟਿਸ ਹੋਣਗੇ। ਸੁਪਰੀਮ ਕੋਰਟ ਕਾਲੇਜੀਅਮ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਨਵੇਂ ਚੀਫ਼ ਜਸਟਿਸ ਦੇ ਰੂਪ ’ਚ ਜਸਟਿਸ ਅਮਜਦ-ਏ-ਸਈਦ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਸਈਦ 21 ਜਨਵਰੀ 2023 ਤੱਕ ਹਿਮਾਚਲ ਪ੍ਰਦੇਸ਼ ਹਾਈ ਕੋਰਟ ’ਚ ਚੀਫ਼ ਜਸਟਿਸ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇਣਗੇ।
21 ਜਨਵਰੀ 1961 ’ਚ ਜਨਮੇ ਜਸਟਿਸ ਸਈਦ ਨੇ ਸਾਲ 1984 ’ਚ ਮੁੰਬਈ ਯੂਨੀਵਰਸਿਟੀ ਤੋਂ ਲਾਅ ’ਚ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਉਹ ਬਾਂਬੇ ਹਾਈ ਕੋਰਟ ’ਚ ਸਹਾਇਕ ਸਰਕਾਰੀ ਵਕੀਲ ਵੀ ਰਹੇ। ਉਨ੍ਹਾਂ ਨੇ ਸਰਕਾਰ ਵਲੋਂ ਕਚਰਾ ਡੰਪਿੰਗ, ਚੈਰੀਟੇਬਲ ਹਸਪਤਾਲਾਂ ’ਚ ਗਰੀਬਾਂ ਲਈ ਮੁਫ਼ਤ ਮੈਡੀਕਲ ਇਲਾਜ, ਬਾਇਓਮੈਡੀਕਲ ਰਹਿੰਦ-ਖੁੰਹਦ ਅਤੇ ਕੁਪੋਸ਼ਣ ਵਰਗੇ ਮਹੱਤਵਪੂਰਨ ਮੁੱਦਿਆਂ ਨਾਲ ਸਬੰਧਤ ਜਨਹਿੱਤ ਪਟੀਸ਼ਨਾਂ ’ਚ ਪੈਰਵੀ ਕੀਤੀ। ਸਈਦ ਬਹੁਤ ਸਾਰੇ ਪਬਲਿਕ ਅੰਡਰਟੇਕਿੰਗ ਪੈਨਲਾਂ 'ਤੇ ਰਹੇ ਹਨ। ਜ਼ਿਕਰਯੋਗ ਹੈ ਕਿ ਚੀਫ਼ ਜਸਟਿਸ ਹਮਾਦ ਰਫ਼ੀਕ 25 ਮਈ ਨੂੰ 62 ਸਾਲ ਦੀ ਉਮਰ ਪੂਰੀ ਹੋਣ 'ਤੇ ਸੇਵਾਮੁਕਤ ਹੋ ਰਹੇ ਹਨ। ਜਸਟਿਸ ਸਈਦ ਉਨ੍ਹਾਂ ਦੀ ਥਾਂ ਲੈਣਗੇ।