ਛੱਤੀਸਗੜ੍ਹ ’ਚ ਨਕਸਲੀ ਹਮਲੇ ਵਾਲੀ ਥਾਂ ਦਾ ਦੌਰਾ ਕਰਨਗੇ ਸ਼ਾਹ, ਜ਼ਖਮੀ ਜਵਾਨਾਂ ਨੂੰ ਵੀ ਮਿਲਣਗੇ
Monday, Apr 05, 2021 - 10:41 AM (IST)
ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ’ਚ ਉਸ ਥਾਂ ਦਾ ਸੋਮਵਾਰ ਯਾਨੀ ਕਿ ਅੱਜ ਦੌਰਾ ਕਰਨਗੇ, ਜਿੱਥੇ ਨਕਸਲੀਆਂ ਦੇ ਹਮਲੇ ’ਚ 22 ਜਵਾਨ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਗ੍ਰਹਿ ਮੰਤਰੀ ਇਸ ਘਟਨਾ ਮਗਰੋਂ ਬਣੇ ਹਾਲਾਤ ਦੀ ਸਮੀਖਿਆ ਲਈ ਇਕ ਬੈਠਕ ਦੀ ਪ੍ਰਧਾਨਗੀ ਵੀ ਕਰਨਗੇ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਮਿਤ ਸ਼ਾਹ ਜ਼ਖਮੀ ਸੁਰੱਖਿਆ ਕਾਮਿਆਂ ਨਾਲ ਹਸਪਤਾਲ ’ਚ ਮੁਲਾਕਾਤ ਵੀ ਕਰਨਗੇ। ਨਕਸਲੀ ਹਮਲੇ ’ਚ 30 ਜਵਾਨ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ
ਦੱਸਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਦੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁੁਪੇਸ਼ ਬਘੇਲ ਨਾਲ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਫੁੱਲ ਭੇਟ ਕਰਨ ਲਈ ਰਾਏਪੁਰ ’ਚ ਆਯੋਜਿਤ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਦੀ ਸੰਭਾਵਨਾ ਵੀ ਹੈ। ਦੱਸ ਦੇਈਏ ਕਿ ਸੂਬੇ ਦੇ ਬੀਜਾਪੁਰ ਅਤੇ ਸੁਕਮਾ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਜੰਗਲ ’ਚ ਤਲਾਸ਼ੀ ਮੁਹਿੰਮ ਦੌਰਾਨ ਨਕਸਲੀਆਂ ਦੇ ਹਮਲੇ ’ਚ ਸੁਰੱਖਿਆ ਕਾਮੇ ਸ਼ਹੀਦ ਹੋ ਗਏ। ਗ੍ਰਹਿ ਮੰਤਰੀ ਸ਼ਾਹ ਨੇ ਐਤਵਾਰ ਇਸ ਹਮਲੇ ’ਤੇ ਦੁੱਖ਼ ਜ਼ਾਹਰ ਕਰਦਿਆਂ ਕਿਹਾ ਸੀ ਕਿ ਨਕਸਲੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸ਼ਾਹ ਨੇ ਕਿਹਾ ਸੀ ਕਿ ਸਰਕਾਰ ਸ਼ਾਂਤੀ ਅਤੇ ਤਰੱਕੀ ਦੇ ਅਜਿਹੇ ਦੁਸ਼ਮਣਾਂ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖੇਗੀ।
ਇਹ ਵੀ ਪੜ੍ਹੋ: ਛੱਤੀਸਗੜ੍ਹ ਨਕਸਲੀ ਹਮਲੇ ਦਾ ਉੱਚਿਤ ਸਮੇਂ ’ਤੇ ਦਿੱਤਾ ਜਾਵੇਗਾ ਜਵਾਬ: ਸ਼ਾਹ