ਸੋਸ਼ਲ ਮੀਡੀਆ ''ਤੇ ਉੱਡ ਰਹੀਆਂ ਅਫਵਾਹਾਂ ''ਤੇ ਅਮਿਤ ਸ਼ਾਹ ਨੇ ਲਾਇਆ ਵਿਰਾਮ, ਕਿਹਾ- ਮੈਂ ਸਿਹਤਮੰਦ ਹਾਂ

05/09/2020 5:01:27 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਕਿਸੇ ਬੀਮਾਰੀ ਤੋਂ ਪੀੜਤ ਨਹੀਂ ਹਨ। ਸ਼ਾਹ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਨ੍ਹਾਂ ਦੀ ਸਿਹਤ ਬਾਰੇ ਅਫਵਾਹ ਸੋਸ਼ਲ ਮੀਡੀਆ ਜ਼ਰੀਏ ਫੈਲੀ। ਉਨ੍ਹਾਂ ਨੇ ਟਵਿੱਟਰ 'ਤੇ ਬਿਆਨ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਪੂਰੀ ਤਰ੍ਹਾਂ ਸਿਹਤਮੰਦ ਹਾਂ ਅਤੇ ਮੈਨੂੰ ਕੋਈ ਬੀਮਾਰੀ ਨਹੀਂ ਹੈ।

PunjabKesari

ਇਹ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੂਰਾ ਬਿਆਨ—
ਪਿਛਲੇ ਕਈ ਦਿਨਾਂ ਤੋਂ ਕੁਝ ਦੋਸਤਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਮੇਰੀ ਸਿਹਤ ਬਾਰੇ ਕਈ ਮਨਘੜ੍ਹਤ ਅਫਵਾਹਾਂ ਫੈਲਾਈਆਂ ਹਨ। ਇੱਥੋਂ ਤੱਕ ਕਿ ਕਈ ਲੋਕਾਂ ਨੇ ਮੇਰੀ ਮੌਤ ਲਈ ਵੀ ਟਵੀਟ ਕਰ ਕੇ ਦੁਆ ਮੰਗੀ ਹੈ। ਦੇਸ਼ ਇਸ ਸਮੇਂ ਕੋਰੋਨਾ ਵਰਗੀ ਗਲੋਬਲ ਮਹਾਮਾਰੀ ਨਾਲ ਲੜ ਰਿਹਾ ਹੈ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਤੇ ਦੇਰ ਰਾਤ ਤੱਕ ਆਪਣੇ ਕੰਮਾਂ ਵਿਚ ਰੁੱਝਿਆ ਰਹਿਣ ਕਾਰਨ ਮੈਂ ਇਸ ਸਭ 'ਤੇ ਧਿਆਨ ਨਹੀਂ ਦਿੱਤਾ। ਜਦੋਂ ਇਹ ਮੇਰੇ ਧਿਆਨ ਵਿਚ ਆਇਆ ਤਾਂ ਮੈਂ ਸੋਚਿਆ ਕਿ ਇਹ ਸਾਰੇ ਲੋਕ ਆਪਣੀ ਕਾਲਪਨਿਕ ਸੋਚ ਦਾ ਆਨੰਦ ਲੈਂਦੇ ਰਹਿਣ, ਇਸ ਲਈ ਮੈਂ ਕੁਝ ਸਪੱਸ਼ਟ ਨਹੀਂ ਕੀਤਾ।

ਪਰ ਮੇਰੀ ਪਾਰਟੀ ਦੇ ਲੱਖਾਂ ਵਰਕਰਾਂ ਅਤੇ ਮੇਰੇ ਸ਼ੁੱਭ ਚਿੰਤਕਾਂ ਨੇ ਬੀਤੇ ਦੋ ਦਿਨਾਂ ਤੋਂ ਕਾਫੀ ਚਿੰਤਾ ਜ਼ਾਹਰ ਕੀਤੀ ਅਤੇ ਉਨ੍ਹਾਂ ਦੀ ਚਿੰਤਾ ਨੂੰ ਮੈਂ ਨਜ਼ਰ-ਅੰਦਾਜ਼ ਨਹੀਂ ਕਰ ਸਕਦਾ। ਇਸ ਲਈ ਮੈਂ ਅੱਜ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਪੂਰਨ ਰੂਪ ਨਾਲ ਸਿਹਤਮੰਦ ਹਾਂ ਅਤੇ ਮੈਨੂੰ ਕੋਈ ਬੀਮਾਰੀ ਨਹੀਂ ਹੈ। ਹਿੰਦੂ ਮਾਨਤਾਵਾਂ ਮੁਤਾਬਕ ਅਜਿਹਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਸਿਹਤ ਨੂੰ ਹੋਰ ਵੱਧ ਮਜ਼ਬੂਤ ਕਰਦੀਆਂ ਹਨ। ਇਸ ਲਈ ਮੈਂ ਅਜਿਹੇ ਸਾਰੇ ਲੋਕਾਂ ਤੋਂ ਆਸ ਕਰਦਾ ਹਾਂ ਕਿ ਉਹ ਇਹ ਬੇਕਾਰ ਦੀਆਂ ਗੱਲਾਂ ਛੱਡ ਕੇ ਮੈਨੂੰ ਮੇਰਾ ਕੰਮ ਕਰਨ ਦੇਣਗੇ ਅਤੇ ਖੁਦ ਵੀ ਆਪਣੇ ਕੰਮ ਕਰਨਗੇ। ਮੇਰੇ ਸ਼ੁੱਭ ਚਿੰਤਕਾਂ ਅਤੇ ਪਾਰਟੀ ਦੇ ਸਾਰੇ ਵਰਕਰਾਂ ਦਾ ਮੇਰਾ ਹਾਲ-ਚਾਲ ਪੁੱਛਣ ਅਤੇ ਮੇਰੀ ਚਿੰਤਾ ਕਰਨ ਲਈ ਮੈਂ ਧੰਨਵਾਦ ਕਰਦਾ ਹਾਂ। ਜਿਨ੍ਹਾਂ ਲੋਕਾਂ ਨੇ ਇਹ ਅਫਵਾਹਾਂ ਫੈਲਾਈਆਂ ਹਨ, ਉਨ੍ਹਾਂ ਪ੍ਰਤੀ ਮੇਰੇ ਮਨ ਵਿਚ ਕੋਈ ਗੁੱਸਾ ਨਹੀਂ ਹੈ। ਤੁਹਾਡਾ ਵੀ ਧੰਨਵਾਦ।


Tanu

Content Editor

Related News