ਅਮਿਤ ਸ਼ਾਹ ਨੇ 75 ਸਾਲ ਦੀ ਉਮਰ ਹੱਦ ਨੂੰ ਕੀਤਾ ਨਰਮ

Saturday, Aug 18, 2018 - 01:43 PM (IST)

ਅਮਿਤ ਸ਼ਾਹ ਨੇ 75 ਸਾਲ ਦੀ ਉਮਰ ਹੱਦ ਨੂੰ ਕੀਤਾ ਨਰਮ

ਨਵੀਂ ਦਿੱਲੀ— ਭਾਜਪਾ ਦੀ ਕੇਂਦਰੀ ਲੀਡਰਸ਼ਿਪ ਉਨ੍ਹਾਂ ਸਭ ਸਿਆਸਤਦਾਨਾਂ ਨੂੰ ਮੁੜ ਤੋਂ ਗਲੇ ਲਾਉਣ ਲਈ ਤਿਆਰ ਹੋ ਗਈ ਹੈ, ਜਿਨ੍ਹਾਂ ਨੂੰ ਪਿਛਲੇ ਘੱਟੋ-ਘੱਟ ਚਾਰ ਸਾਲ ਦੌਰਾਨ ਲਾਂਭੇ ਕਰ ਦਿੱਤਾ ਗਿਆ ਸੀ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਹੁਣ 75 ਸਾਲ ਦੀ ਉਮਰ ਹੱਦ ਨੂੰ ਨਰਮ ਕਰ ਦਿੱਤਾ ਹੈ ਅਤੇ ਉਹ ਇਸ ਉਮਰ ਹੱਦ ਨੂੰ ਪਾਰ ਕਰ ਚੁੱਕੇ ਸਿਆਸਤਦਾਨਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਟਿਕਟਾਂ ਦੇਣ ਲਈ ਤਿਆਰ ਹਨ। ਇਸ ਸਬੰਧੀ ਉਕਤ ਸਿਆਸਤਦਾਨ ਜੇ ਇੱਛਾ ਪ੍ਰਗਟ ਕਰਨਗੇ ਤਾਂ ਉਨ੍ਹਾਂ ਨੂੰ ਚੋਣ ਲੜਨ ਲਈ ਟਿਕਟ ਦਿੱਤੀ ਜਾਵੇਗੀ। 90 ਸਾਲਾ ਐੱਲ. ਕੇ. ਅਡਵਾਨੀ, 84 ਸਾਲਾ ਡਾ. ਮੁਰਲੀ ਮਨੋਹਰ ਜੋਸ਼ੀ, 83 ਸਾਲਾ ਸ਼ਾਂਤਾ ਕੁਮਾਰ ਅਤੇ 75 ਸਾਲਾ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਲਈ ਇਹ ਖੁਸ਼ੀ ਵਾਲੀ ਖਬਰ ਹੈ। ਇਸ ਸਮੇਂ ਘੱਟੋ-ਘੱਟ 17 ਭਾਜਪਾ ਦੇ ਐੱਮ. ਪੀ. ਅਜਿਹੇ ਹਨ, ਜਿਨ੍ਹਾਂ ਦੀ ਉਮਰ 75 ਸਾਲ ਤੋਂ ਉੱਤੇ ਹੈ ਅਤੇ ਉਨ੍ਹਾਂ ਨੂੰ ਇਹ ਯਕੀਨ ਨਹੀਂ ਸੀ ਕਿ ਚੋਣ ਲੜਨ ਲਈ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਜਾਵੇਗਾ। 

ਅਮਿਤ ਸ਼ਾਹ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹੁਣ ਕਿਸੇ ਲਈ ਵੀ ਚੋਣ ਲੜਨ ਲਈ ਉਮਰ ਦੀ ਕੋਈ ਹੱਦ ਨਹੀਂ। ਸਭ ਨੂੰ ਟਿਕਟਾਂ ਦਿੱਤੀਆਂ ਜਾ ਸਕਣਗੀਆਂ। ਕਿਸੇ ਨੂੰ ਵੀ ਨਾਂਹ ਨਹੀਂ ਕੀਤੀ ਜਾਵੇਗੀ। ਅਮਿਤ ਸ਼ਾਹ ਨੇ ਕਿਹਾ ਹੈ ਕਿ ਚੋਣ ਲੜਨ ਲਈ ਉਮਰ ਦੀ ਹੱਦ ਕੋਈ ਪੈਮਾਨਾ ਨਹੀਂ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ 75 ਸਾਲ ਤੋਂ ਵੱਧ ਦੀ ਉਮਰ ਹੱਦ ਦਾ ਸਿਧਾਂਤ ਸਿਰਫ ਅਹੁਦੇ ਹਾਸਲ ਕਰਨ ਨਾਲ ਸੰਬੰਧਿਤ ਹੈ। ਹੁਣ ਇਹ ਨਹੀਂ ਪਤਾ ਕਿ ਅਮਿਤ ਸ਼ਾਹ ਦਾ ਅਹੁਦਿਆਂ ਤੋਂ ਕੀ ਭਾਵ ਹੈ? ਕੀ ਇਹ ਮੰਤਰੀ ਦਾ ਅਹੁਦਾ ਹੈ, ਟ੍ਰਿਬਿਊਨਲ ਦੇ ਕਿਸੇ ਮੁਖੀ ਦਾ ਅਹੁਦਾ ਹੈ ਜਾਂ ਸਪੀਕਰ ਦਾ ਅਹੁਦਾ ਹੈ? ਫਿਰ ਵੀ ਸੰਸਦੀ ਕਮੇਟੀਆਂ ਅਤੇ ਸਪੀਕਰ ਵਰਗੇ ਅਹੁਦਿਆਂ 'ਤੇ ਨਿਯੁਕਤ ਹੋਣ ਵਾਲੇ ਸੰਸਦ ਮੈਂਬਰਾਂ ਨੂੰ ਇਸ ਨਿਯਮ ਅਧੀਨ ਨਹੀਂ ਲਿਆਂਦਾ ਜਾਵੇਗਾ। 

ਭਾਜਪਾ ਦੇ ਸੂਤਰ ਕਹਿੰਦੇ ਹਨ ਕਿ ਪਾਰਟੀ ਇਸ ਸਬੰਧੀ ਫੈਸਲਾ ਆਪਣੇ ਸੀਨੀਅਰ ਸਾਥੀਆਂ ਦੀ ਸਿਆਣਪ 'ਤੇ ਛੱਡ ਦਿੰਦੀ ਹੈ। ਇਹ ਉਨ੍ਹਾਂ ਹੀ ਫੈਸਲਾ ਕਰਨਾ ਹੈ ਕਿ ਉਹ ਚੋਣ ਲੜਨ ਜਾਂ ਨਾ ਲੜਨ। ਇਸ ਗੱਲ ਦੀ ਭਾਰੀ ਸੰਭਾਵਨਾ ਹੈ ਕਿ 90 ਸਾਲ ਦੇ ਐੱਲ. ਕੇ. ਅਡਵਾਨੀ ਨੂੰ ਇਸ ਗੱਲ ਲਈ ਮਨਾ ਲਿਆ ਜਾਵੇਗਾ ਕਿ ਉਹ ਗਾਂਧੀਨਗਰ ਦੀ ਸੀਟ ਕਿਸੇ ਜੂਨੀਅਰ ਸਾਥੀ ਲਈ ਛੱਡ ਦੇਣ। ਭਾਜਪਾ ਦੇ ਕਈ ਮੈਂਬਰ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਪਰ ਅਜੇ ਵੀ ਚੋਣਾਂ ਜਿੱਤਣ ਦੀ ਹੈਸੀਅਤ ਰੱਖਦੇ ਹਨ। ਉਨ੍ਹਾਂ ਦਾ ਲੋਕਾਂ ਵਿਚ ਚੰਗਾ ਪ੍ਰਭਾਵ ਹੈ ਅਤੇ ਉਹ ਖੁਦ ਵੀ ਸਰੀਰਕ ਪੱਖੋਂ ਸਿਹਤਮੰਦ ਹਨ। ਜੇ ਉਹ ਚੋਣ ਲੜਦੇ ਹਨ ਤਾਂ ਆਸ-ਪਾਸ ਦੀਆਂ ਹੋਰ ਲੋਕ ਸਭਾ ਸੀਟਾਂ 'ਤੇ ਵੀ ਆਪਣਾ ਪ੍ਰਭਾਵ ਪਾ ਸਕਦੇ ਹਨ ਅਤੇ ਪਾਰਟੀ ਨੂੰ ਲਾਭ ਪਹੁੰਚਾ ਸਕਦੇ ਹਨ। ਉਦਾਹਰਣ ਵਜੋਂ ਕਲਰਾਜ ਮਿਸ਼ਰਾ ਦੀ ਉਮਰ ਇਸ ਸਮੇਂ 75 ਸਾਲ ਤੋਂ ਵੀ ਵੱਧ ਹੈ। 

ਨਜਮਾ ਹੈਪਤੁੱਲਾ ਨੇ 75 ਸਾਲ ਦੀ ਉਮਰ ਪੂਰੀ ਹੋਣ 'ਤੇ ਮੰਤਰੀ ਦਾ ਅਹੁਦਾ ਅਤੇ ਰਾਜ ਸਭਾ ਦੀ ਮੈਂਬਰੀ ਛੱਡ ਦਿੱਤੀ ਸੀ। ਉਨ੍ਹਾਂ ਨੂੰ ਸਰਕਾਰ ਨੇ ਰਾਜਪਾਲ ਬਣਾ ਦਿੱਤਾ। ਕਲਰਾਜ ਮਿਸ਼ਰਾ ਉੱਤਰ ਪ੍ਰਦੇਸ਼ ਵਿਚ ਆਪਣਾ ਬਹੁਤ ਵਧੀਆ ਪ੍ਰਭਾਵ ਰੱਖਦੇ ਹਨ ਅਤੇ ਬ੍ਰਾਹਮਣ ਭਾਈਚਾਰੇ ਵਿਚ ਉਨ੍ਹਾਂ ਦਾ ਚੰਗਾ ਰਸੂਖ ਹੈ। ਯੂ. ਪੀ. ਵਿਚ ਭਾਜਪਾ ਨੂੰ ਮਜ਼ਬੂਤ ਵਿਰੋਧੀ ਧਿਰ ਦਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਸਾਹਮਣਾ ਕਰਨਾ ਪੈਣਾ ਹੈ, ਇਸ ਲਈ ਕਲਰਾਜ ਮਿਸ਼ਰਾ ਭਾਜਪਾ ਦੇ ਕੰਮ ਆ ਸਕਦੇ ਹਨ। ਉਧਰ ਹਿਮਾਚਲ ਪ੍ਰਦੇਸ਼ ਵਿਚ ਸ਼ਾਂਤਾ ਕੁਮਾਰ ਦਾ ਵੀ ਵਧੀਆ ਰਸੂਖ ਹੈ। ਸੁਮਿੱਤਰਾ ਮਹਾਜਨ ਵੀ ਇੰਦੌਰ ਹਲਕੇ ਵਿਚ ਵਧੀਆ ਪ੍ਰਭਾਵ ਰੱਖਦੀ ਹੈ। ਲੋਕ ਸਭਾ ਦੀਆਂ ਪਿਛਲੀਆਂ 9 ਚੋਣਾਂ ਸੁਮਿੱਤਰਾ ਮਹਾਜਨ ਨੇ ਇੰਦੌਰ ਤੋਂ ਜਿੱਤੀਆਂ ਹਨ। ਝਾਰਖੰਡ ਵਿਚ ਕਰੀਆ ਮੁੰਡਾ ਇਕ ਪ੍ਰਭਾਵਸ਼ਾਲੀ ਕਬਾਇਲੀ ਆਗੂ ਹਨ। ਉਹ ਵੀ ਆਪਣੇ ਲੰਗਰ ਲੰਗੋਟੇ ਕੱਸ ਰਹੇ ਹਨ। ਭਾਵੇਂ ਕਰੀਆ ਮੁੰਡੇ ਦੀ ਉਮਰ ਇਸ ਸਮੇਂ 79 ਸਾਲ ਹੋ ਚੁੱਕੀ ਹੈ ਪਰ ਭਾਜਪਾ ਨੂੰ ਵੱਖ-ਵੱਖ ਮਜਬੂਰੀਆਂ ਕਾਰਨ ਕਰੀਆ ਮੁੰਡੇ ਨੂੰ ਟਿਕਟ ਦੇਣੀ ਹੀ ਪੈਣੀ ਹੈ। ਉਨ੍ਹਾਂ ਨੂੰ ਟਿਕਟ ਦੇਣ ਤੋਂ ਨਾਂਹ ਕਰਨੀ ਭਾਜਪਾ ਨੂੰ ਮਹਿੰਗੀ ਪੈ ਸਕਦੀ ਹੈ। 


Related News