ਹੈਦਰਾਬਾਦ ਦੌਰੇ ''ਤੇ ਅਮਿਤ ਸ਼ਾਹ, ਭਾਗਿਆ ਲਕਸ਼ਮੀ ਮੰਦਰ ''ਚ ਪੂਜਾ ਮਗਰੋਂ ਸ਼ੁਰੂ ਕੀਤਾ ਰੋਡ ਸ਼ੋਅ
Sunday, Nov 29, 2020 - 01:06 PM (IST)
ਹੈਦਰਾਬਾਦ— ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ 'ਚ ਪ੍ਰਚਾਰ ਮੁਹਿੰਮ 'ਚ ਸ਼ਾਮਲ ਹੋਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਹੈਦਰਾਬਾਦ ਪੁੱਜੇ ਹਨ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ਼ਾਹ ਨੇ ਇੱਥੇ ਪਹੁੰਚ ਕੇ ਭਾਗਿਆ ਲਕਸ਼ਮੀ ਮੰਦਰ 'ਚ ਪੂਜਾ ਕੀਤੀ। ਇਸ ਤੋਂ ਬਾਅਦ ਸ਼ਾਹ ਨੇ ਸਿਕੰਦਰਾਬਾਦ 'ਚ ਰੋਡ ਸ਼ੋਅ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਅਮਿਤ ਸ਼ਾਹ ਨੇ ਹੈਦਰਾਬਾਦ ਵਿਚ ਮੀਡੀਆ ਨੂੰ ਵੀ ਸੰਬੋਧਿਤ ਕਰਨਗੇ। ਹੈਦਰਾਬਾਦ ਵਿਚ 3 ਵਜੇ ਉਹ ਡਾ. ਸ਼ਿਆਮ ਪ੍ਰਸਾਦ ਮੁਖਰਜੀ ਭਵਨ ਵਿਚ ਪ੍ਰੈੱਸ ਕਾਨਫਰੰਸ ਕਰਨਗੇ।
ਅਸਲ ਵਿਚ ਹੈਦਰਾਬਾਦ ਨਗਰ ਨਿਗਮ ਚੋਣਾਂ ਰਾਸ਼ਟਰੀ ਰਾਜਨੀਤੀ ਦਾ ਕੇਂਦਰ ਬਣ ਗਈਆਂ ਹਨ। ਇਸ 'ਤੇ ਦੇਸ਼ ਭਰ ਦੀਆਂ ਨਜ਼ਰ ਟਿਕੀਆਂ ਹਨ। ਭਾਜਪਾ ਇਸ ਚੋਣਾਂ ਨੂੰ ਹੈਦਰਾਬਾਦ 'ਚ ਆਪਣੀ ਮੌਜੂਦਗੀ ਕਾਇਮ ਕਰਨ ਅਤੇ ਤੇਲੰਗਾਨਾ ਵਿਚ ਸਿਆਸੀ ਆਧਾਰ ਵਧਾਉਣ ਦੇ ਮੌਕੇ ਦੇ ਤੌਰ 'ਤੇ ਦੇਖ ਰਹੀ ਹੈ। ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੇਸ਼ ਦੇ ਸਭ ਤੋਂ ਵੱਡੇ ਨਗਰ ਨਿਗਮਾਂ 'ਚੋਂ ਇਕ ਹੈ। ਇਹ ਨਗਰ ਨਿਗਮ ਚਾਰ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ, ਜਿਨ੍ਹਾਂ 'ਚ ਹੈਦਰਾਬਾਦ, ਰੰਗਾਰੈੱਡੀ, ਮੇਡਚਲ-ਮਲਕਜਗਿਰੀ ਅਤੇ ਸੰਗਾਰੈੱਡੀ ਆਉਂਦੇ ਹਨ। ਇਸ ਪੂਰੇ ਇਲਾਕੇ ਵਿਚ 24 ਵਿਧਾਨ ਸਭਾ ਖੇਤਰ ਸ਼ਾਮਲ ਹਨ ਅਤੇ ਤੇਲੰਗਾਨਾ ਦੀਆਂ 5 ਲੋਕ ਸਭਾ ਸੀਟਾਂ ਆਉਂਦੀਆਂ ਹਨ।