ਜੀ-20 ਬੈਠਕ ’ਚ ਅਮਿਤ ਸ਼ਾਹ ਬੋਲੇ- ਇੰਟਰਨੈੱਟ ਜ਼ਰੀਏ ਪੂਰੀ ਦੁਨੀਆ ’ਚ ਫੈਲ ਰਿਹਾ ਅੱਤਵਾਦ

07/14/2023 11:29:00 AM

ਨਵੀਂ ਦਿੱਲੀ, (ਇੰਟ.)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅੱਤਵਾਦੀ ਅਤੇ ਸਾਈਬਰ ਅਪਰਾਧੀ ਤਕਨਾਲੋਜੀ ਦੀ ਦੁਰਵਰਤੋਂ ਕਰ ਕੇ ਹਿੰਸਾ ਕਰਨ, ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਵਿੱਤੀ ਵਸੀਲੇ ਜੁਟਾਉਣ ਦੇ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ, ਇਸ ਲਈ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਪੂਰੀ ਦੁਨੀਆ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰਾਂ ’ਤੇ ਆਪਸੀ ਸਹਿਯੋਗ ਵਧਾਉਣ ਦੀ ਜ਼ਰੂਰਤ ਹੈ। ਸ਼ਾਹ ਨੇ ਵੀਰਵਾਰ ਨੂੰ ਹਰਿਆਣਾ ਦੇ ਗੁਰੂਗ੍ਰਾਮ ’ਚ ਸਾਈਬਰ ਅਤੇ ਵਰਚੁਅਲ ਦੁਨੀਆ ਦੇ ਯੁੱਗ ’ਚ ਅਪਰਾਧ ਅਤੇ ਸੁਰੱਖਿਆ ’ਤੇ ਜੀ-20 ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਾਲੇ ਦੇਸ਼ਾਂ ’ਤੇ ਸਾਈਬਰ ਕ੍ਰਾਈਮ ਦਾ ਖ਼ਤਰਾ ਮੰਡਰਾ ਰਿਹਾ ਹੈ। ਇੰਟਰਨੈੱਟ ਜ਼ਰੀਏ ਅੱਤਵਾਦ ਵੀ ਫੈਲ ਰਿਹਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਅੱਤਵਾਦੀ ਆਪਣੀ ਪਛਾਣ ਲੁਕਾਉਣ ਅਤੇ ਆਪਣੀ ਵਿਚਾਰਧਾਰਾ ਨੂੰ ਫੈਲਾਉਣ ਲਈ ਡਾਰਕ ਵੈੱਬ ਦੀ ਵਰਤੋਂ ਕਰ ਰਹੇ ਹਨ ਅਤੇ ਸਾਨੂੰ ਡਾਰਕ ਵੈੱਬ ’ਤੇ ਚੱਲ ਰਹੀਆਂ ਇਨ੍ਹਾਂ ਗਤੀਵਿਧੀਆਂ ਨੂੰ ਲੈ ਕੇ ਚੌਕੰਨੇ ਹੁੰਦੇ ਹੋਏ ਇਸ ਦਾ ਹੱਲ ਲੱਭਣਾ ਹੋਵੇਗਾ।

ਡਾਰਕ ਨੈੱਟ ਨੂੰ ਡਾਰਕ ਵੈੱਬ ਦੀ ਫਸਟ ਸਟੇਜ ਵੀ ਕਿਹਾ ਜਾ ਸਕਦਾ ਹੈ। ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ, ਜਿੱਥੇ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵਾਂ ਤਰੀਕਿਆਂ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇੰਟਰਨੈੱਟ ਦਾ 96 ਫ਼ੀਸਦੀ ਹਿੱਸਾ ਡੀਪ ਵੈੱਬ ਅਤੇ ਡਾਰਕ ਵੈੱਬ ਦੇ ਅੰਦਰ ਆਉਂਦਾ ਹੈ। ਅਸੀਂ ਇੰਟਰਨੈੱਟ ਕੰਟੈਂਟ ਦੇ ਸਿਰਫ 4 ਫ਼ੀਸਦੀ ਹਿੱਸੇ ਦੀ ਵਰਤੋਂ ਕਰਦੇ ਹਨ, ਜਿਸ ਨੂੰ ਸਰਫੇਸ ਵੈੱਬ ਕਿਹਾ ਜਾਂਦਾ ਹੈ।

ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦਾ ਸਮਾਂ ਮਹੱਤਵਪੂਰਨ ਨਿੱਜੀ ਡਾਟਾ ਦੀ ਵਿਕਰੀ, ਆਨਲਾਈਨ ਸ਼ੋਸ਼ਣ ਅਤੇ ਬਾਲ ਸ਼ੋਸ਼ਣ ਵਰਗੇ ਅਪਰਾਧ ਹੋ ਰਹੇ ਹਨ। ਉੱਥੇ ਹੀ ਇੰਟਰਨੈੱਟ ਜ਼ਰੀਏ ਫੇਕ ਨਿਊਜ਼ ਵੀ ਕਾਫ਼ੀ ਫੈਲਾਈਆਂ ਜਾ ਰਹੀਆਂ ਹਨ, ਜੋ ਰਾਸ਼ਟਰੀ ਚਿੰਤਾ ਦਾ ਵਿਸ਼ਾ ਹੈ।

ਸਾਈਬਰ ਹਮਲਿਆਂ ਨਾਲ 5.2 ਟ੍ਰਿਲੀਅਨ ਡਾਲਰ ਦੇ ਨੁਕਸਾਨ ਦਾ ਖ਼ਤਰਾ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਸ਼ਵ ਬੈਂਕ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਈਬਰ ਹਮਲਿਆਂ ਨਾਲ 2019-2023 ਤੱਕ ਦੁਨੀਆ ਨੂੰ 5.2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਅਪਰਾਧਾਂ ਦਾ ਮੁਕਾਬਲਾ ਕਰਨ ਲਈ ਬਣਾਏ ਗਏ ਸਾਰੇ ਦੇਸ਼ਾਂ ਦੇ ਕਾਨੂੰਨਾਂ ’ਚ ਕੁਝ ਬਰਾਬਰੀ ਲਿਆਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਸ਼ਾਹ ਨੇ ਕਿਹਾ ਕਿ ਸਾਈਬਰ ਅਪਰਾਧਾਂ ਦੀ ਸੀਮਾ ਰਹਿਤ ਪ੍ਰਕਿਰਤੀ ਨੂੰ ਧਿਆਨ ’ਚ ਰੱਖਦੇ ਹੋਏ ਸਾਨੂੰ ਦੇਸ਼ਾਂ ਦੇ ਵੱਖ-ਵੱਖ ਕਾਨੂੰਨਾਂ ਦੇ ਤਹਿਤ ਇਕ ਪ੍ਰਤੀਕਿਰਿਆ ਸਿਸਟਮ ਸਥਾਪਤ ਕਰਨਾ ਚਾਹੀਦਾ ਹੈ। ਇਸ ਖੇਤਰ ’ਚ ਕੌਮਾਂਤਰੀ ਸਹਿਯੋਗ ਨਾਲ ਸਾਈਬਰ ਸੁਰੱਖਿਆ ਮਾਪਦੰਡਾਂ, ਸਭ ਤੋਂ ਵਧੀਆ ਅਭਿਆਸਾਂ ਅਤੇ ਨਿਯਮਾਂ ’ਚ ਇਕਸੁਰਤਾ ਸਥਾਪਤ ਕਰਨ ’ਚ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਸਮੇਂ ’ਚ ਮਹੱਤਵਪੂਰਨ ਨਿੱਜੀ ਡਾਟਾ ਦੀ ਵਿਕਰੀ, ਆਨਲਾਈਨ ਸ਼ੋਸ਼ਣ ਅਤੇ ਬਾਲ ਸ਼ੋਸ਼ਣ ਵਰਗੇ ਅਪਰਾਧ ਹੋ ਰਹੇ ਹਨ।


Rakesh

Content Editor

Related News