ਅਮਿਤ ਸ਼ਾਹ ਨੇ PM ਮੋਦੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਲੰਬੀ ਉਮਰ ਤੇ ਚੰਗੀ ਸਿਹਤ ਲਈ ਕੀਤੀ ਪ੍ਰਾਰਥਨਾ
Sunday, Sep 17, 2023 - 08:57 PM (IST)
ਜੈਤੋ, (ਰਘੁਨੰਦਨ ਪਰਾਸ਼ਰ)- ਗ੍ਰਹਿ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਪ੍ਰਾਰਥਨਾ ਕੀਤੀ। 'ਐਕਸ' 'ਤੇ ਆਪਣੀ ਪੋਸਟ 'ਚ ਅਮਿਤ ਸ਼ਾਹ ਨੇ ਕਿਹਾ ਕਿ ਆਪਣੀ ਦੂਰਅੰਦੇਸ਼ੀ, ਅਣਥੱਕ ਮਿਹਨਤ ਅਤੇ ਨਿਰਸਵਾਰਥ ਸੇਵਾ ਰਾਹੀਂ ਕਰੋੜਾਂ ਲੋਕਾਂ ਦੇ ਜੀਵਨ ਵਿਚ ਖੁਸ਼ਹਾਲੀ ਅਤੇ ਵਿਸ਼ਵਾਸ ਲਿਆਉਣ ਵਾਲੇ ਦੇਸ਼ ਦੇ ਲੋਕਪ੍ਰਸਿੱਧ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਮੈਂ ਤੁਹਾਡੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਵੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ। ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਵਿਚ ਲੀਡਰਸ਼ਿਪ, ਸੰਵੇਦਨਸ਼ੀਲਤਾ ਅਤੇ ਸਖਤ ਮਿਹਨਤ ਦਾ ਇਕ ਦੁਰਲੱਭ ਸੁਮੇਲ ਦੇਖਣ ਨੂੰ ਮਿਲਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸੋਚ ਦਾ ਪੈਮਾਨਾ ਅਤੇ ਆਕਾਰ ਬਦਲ ਦਿੱਤਾ ਹੈ, ਜਿਸ ਨਾਲ ਚਾਹੇ ਉਹ ਕੋਰੋਨਾ ਟੀਕਾ ਬਣਾਉਣਾ ਹੋਵੇ ਜਾਂ ਚੰਦਰਯਾਨ-3 ਦੀ ਸਫਲਤਾ, ਅੱਜ ਸਾਡਾ ਤਿਰੰਗਾ ਪੂਰੀ ਦੁਨੀਆ ਵਿਚ ਮਾਣ ਨਾਲ ਲਹਿਰਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਵਿਅਕਤੀ ਦੇ ਦਿਲ ਨਾਲ ਜੁੜ ਕੇ ਉਸਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਦਾ ਅਦਭੁੱਤ ਕੰਮ ਇਤਿਹਾਸ 'ਚ ਪਹਿਲੀ ਵਾਰ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਹੈ। ਦੇਸ਼ ਦੇ ਕਰੋੜਾਂ ਗਰੀਬਾਂ ਨੂੰ ਗਰੀਬੀ ਦੇ ਸ਼ਰਾਪ ਤੋਂ ਮੁਕਤ ਕਰਕੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦੇ ਆਪਣੇ ਸੰਕਲਪ ਕਾਰਨ ਪੀ.ਐੱਮ. ਮੋਦੀ ਅੱਜ 'ਦੀਨਮਿੱਤਰ' ਦੇ ਰੂਪ 'ਚ ਜਾਣੇ ਜਾਂਦੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ ਨਵੇਂ ਭਾਰਤ ਦੇ ਸ਼ਿਲਪਕਾਰ ਪੀ.ਐੱਮ. ਮੋਦੀ ਨੇ ਸਾਡੇ ਦੇਸ਼ ਦੀ ਪ੍ਰਾਚੀਨ ਵਿਰਾਸਤ ਦੇ ਆਧਾਰ 'ਤੇ ਸਵੈ-ਨਿਰਭਰ ਭਾਰਤ ਦੀ ਮਜਬੂਤ ਨੀਂਹ ਰੱਖਣ ਦਾ ਕੰਮ ਕੀਤਾ ਹੈ। ਕੋਈ ਸੰਸਥਾ ਹੋਵੇ ਜਾਂ ਸਰਕਾਰ, ਪ੍ਰਧਾਨ ਮੰਤਰੀ ਤੋਂ ਸਾਨੂੰ ਸਾਰਿਆਂ ਨੂੰ ਹਮੇਸ਼ਾ 'ਰਾਸ਼ਟਰੀ ਹਿੱਤ ਪਹਿਲਾਂ ਆਉਂਦੇ ਹਨ' ਦੀ ਪ੍ਰੇਰਣਾ ਮਿਲਦੀ ਹੈ। ਅਜਿਹੇ ਵਿਲੱਖਣ ਨੇਤਾ ਦੀ ਅਗਵਾਈ 'ਚ ਦੇਸ਼ ਦੀ ਸੇਵਾ ਦਾ ਮੌਕਾ ਮਿਲਣਾ ਮੇਰੇ ਲਈ ਮਾਣ ਵਾਲੀ ਗੱਲ ਹੈ।