ਮਿਸ਼ਨ 2019: ਅਗਲੀ ਰਣਨੀਤੀ ਬਣਾਉਣ ਲਈ ਅਮਿਤ ਸ਼ਾਹ ਦਾ ਕੇਰਲ ਦੌਰਾ
Wednesday, Jul 04, 2018 - 10:23 AM (IST)

ਨੈਸ਼ਨਲ ਡੈਸਕ—ਭਾਜਪਾ ਪ੍ਰਧਾਨ ਅਮਿਤ ਸ਼ਾਹ ਮੰਗਲਵਾਰ ਇਕ ਦਿਨਾ ਕੇਰਲ ਦੌਰੇ 'ਤੇ ਆਏ। ਉਹ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿਚ ਪਾਰਟੀ ਸੰਗਠਨ ਅਤੇ ਵਰਕਰਾਂ ਵਿਚ ਨਵੀਂ ਊਰਜਾ ਭਰਨ ਦੇ ਇਰਾਦੇ ਨਾਲ ਆਏ ਹਨ।
ਭਾਜਪਾ ਸੂਤਰਾਂ ਨੇ ਦੱਸਿਆ ਕਿ ਉਹ ਪਾਰਟੀ ਦੀ ਸੂਬਾਈ ਕੋਰ ਕਮੇਟੀ ਦੀ ਬੈਠਕ ਵਿਚ ਹਿੱਸਾ ਲੈਣਗੇ ਅਤੇ ਕੁਝ ਚੋਣਵੇਂ ਜ਼ਿਲਿਆਂ ਦੇ ਆਗੂਆਂ ਨਾਲ ਗੱਲਬਾਤ ਕਰਨਗੇ। ਨਾਲ ਹੀ ਦੱਖਣੀ ਕੇਰਲ ਦੇ 6 ਲੋਕ ਸਭਾ ਹਲਕਿਆਂ ਦੇ ਪਾਰਟੀ ਵਰਕਰਾਂ ਦੇ ਸੰਮੇਲਨ ਦਾ ਉਦਘਾਟਨ ਵੀ ਕਰਨਗੇ। ਸ਼ਾਹ ਵਲੋਂ ਆਪਣੀ ਪਾਰਟੀ ਦੀ 'ਕਾਂਟਰੈਕਟ ਫਾਰ ਸਮਰਥਨ' ਮੁਹਿੰਮ ਅਧੀਨ ਸੂਬੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨਾਲ ਮੁਲਾਕਾਤ ਕਰਨ ਦੀ ਵੀ ਸੰਭਾਵਨਾ ਹੈ।
ਇਸ ਦੌਰਾਨ ਉਹ ਉਨ੍ਹਾਂ ਨੂੰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਣਗੇ। ਇਸਦੇ ਨਾਲ ਉਹ ਲਕਸ਼ਦੀਪ ਦੇ ਆਗੂਆਂ ਨਾਲ ਵੀ ਚਰਚਾ ਕਰਨਗੇ। ਅਜੇ ਇਹ ਗੱਲ ਸਪੱਸ਼ਟ ਨਹੀਂ ਹੋ ਸਕੀ ਕਿ ਸ਼ਾਹ ਦੀ ਕੇਰਲ ਯਾਤਰਾ ਦੌਰਾਨ ਭਾਜਪਾ ਦੀ ਸੂਬਾਈ ਇਕਾਈ ਦੇ ਨਵੇਂ ਮੁਖੀ ਬਾਰੇ ਕੋਈ ਫੈਸਲਾ ਕੀਤਾ ਜਾਏਗਾ ਜਾਂ ਨਹੀਂ। ਇਹ ਅਹੁਦਾ ਕੁਮਨਮ ਰਾਜਸ਼ੇਖਰਨ ਨੂੰ ਮਈ ਦੇ ਅੰਤ ਵਿਚ ਮਿਜ਼ੋਰਮ ਦਾ ਰਾਜਪਾਲ ਨਿਯੁਕਤ ਕੀਤੇ ਜਾਣ ਪਿੱਛੋਂ ਖਾਲੀ ਹੈ।