ਮਣੀਪੁਰ ’ਚ ਫਿਰ ਹਿੰਸਾ, ਸਰਬ ਪਾਰਟੀ ਬੈਠਕ ਤੋਂ ਬਾਅਦ ਬੋਲੇ ਸ਼ਾਹ-ਵਿਸ਼ਵਾਸ ਰੱਖੋ, ਸ਼ਾਂਤੀ ਬਹਾਲ ਕਰਾਂਗਾ

Sunday, Jun 25, 2023 - 11:57 AM (IST)

ਮਣੀਪੁਰ ’ਚ ਫਿਰ ਹਿੰਸਾ, ਸਰਬ ਪਾਰਟੀ ਬੈਠਕ ਤੋਂ ਬਾਅਦ ਬੋਲੇ ਸ਼ਾਹ-ਵਿਸ਼ਵਾਸ ਰੱਖੋ, ਸ਼ਾਂਤੀ ਬਹਾਲ ਕਰਾਂਗਾ

ਨਵੀਂ ਦਿੱਲੀ, (ਏਜੰਸੀਆਂ)- ਮਣੀਪੁਰ ’ਚ ਸ਼ਨੀਵਾਰ ਨੂੰ ਫਿਰ ਹਿੰਸਾ ਭੜਕ ਗਈ ਅਤੇ ਭੀੜ ਨੇ ਸੂਬਾ ਸਰਕਾਰ ਦੇ ਮੰਤਰੀ ਐੱਲ. ਸੁਸਿੰਦਰੋ ਦੇ ਇੰਫਾਲ ਪੂਰਬੀ ਜ਼ਿਲੇ ਦੇ ਚਿੰਗਾਰੇਲ ਸਥਿਤ ਨਿੱਜੀ ਗੋਦਾਮ ’ਚ ਅੱਗ ਲੱਗਾ ਦਿੱਤੀ। ਭੀੜ ਨੇ ਖਪਤਕਾਰ ਅਤੇ ਖੁਰਾਕ ਮਾਮਲਿਆਂ ਦੇ ਮੰਤਰੀ ਸੁਸਿੰਦਰੋ ਦੇ ਇਸੇ ਜ਼ਿਲੇ ਦੇ ਖੁਰਈ ਇਲਾਕੇ ’ਚ ਸਥਿਤ ਰਿਹਾਇਸ਼ ਅਤੇ ਹੋਰ ਜਾਇਦਾਦਾਂ ਨੂੰ ਵੀ ਸ਼ੁੱਕਰਵਾਰ ਰਾਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਸਮੇਂ ’ਤੇ ਪਹੁੰਚ ਕੇ ਉਨ੍ਹਾਂ ਨੂੰ ਰੋਕ ਦਿੱਤਾ। 

ਪੁਲਸ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਅੱਧੀ ਰਾਤ ਤੱਕ ਅੱਥਰੂ ਗੈਸ ਦੇ ਕਈ ਗੋਲੇ ਦਾਗੇ ਤਾਂ ਜੋ ਭੀੜ ਨੂੰ ਮੰਤਰੀ ਦੇ ਖੁਰਈ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਤੋਂ ਰੋਕਿਆ ਜਾ ਸਕੇ। ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਓਧਰ ਮਣੀਪੁਰ ’ਚ ਮੌਜੂਦਾ ਸਥਿਤੀ ’ਤੇ ਚਰਚਾ ਲਈ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੱਦੀ ਗਈ ਸਰਬ ਪਾਰਟੀ ਬੈਠਕ ’ਚ ਭਾਜਪਾ, ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ।

ਬੈਠਕ ਤੋਂ ਬਾਅਦ ਇਸ ਬੈਠਕ ’ਚ ਅਮਿਤ ਸ਼ਾਹ ਨੇ ਸਾਰੇ ਨੇਤਾਵਾਂ ਦੀ ਗੱਲ ਸੁਣੀ ਅਤੇ ਮਣੀਪੁਰ ’ਚ ਸ਼ਾਂਤੀ ਸਥਾਪਿਤ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਬੈਠਕ ਤੋਂ ਬਾਅਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ, ‘‘ਇਸ ਬੈਠਕ ’ਚ ਸਾਰੀਆਂ ਪਾਰਟੀਆਂ ਨੇ ਆਪਣੇ ਸਿਆਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਮਣੀਪੁਰ ਹਿੰਸਾ ’ਤੇ ਚਿੰਤਾ ਪ੍ਰਗਟਾਈ। ਇਸ ਦੇ ਨਾਲ ਹੀ ਬੈਠਕ ਦੌਰਾਨ ਗ੍ਰਹਿ ਮੰਤਰਾਲਾ ਨੇ ਮਣੀਪੁਰ ਦੀ ਹਿੰਸਾ ਦੇ ਪਿੱਛੇ ਦੇ ਕਾਰਨਾਂ ’ਤੇ ਚਰਚਾ ਕੀਤੀ। ਗ੍ਰਹਿ ਮੰਤਰਾਲਾ ਨੇ ਇਸ ਮਾਮਲੇ ’ਚ ਹੁਣ ਤੱਕ ਕੀ ਕਦਮ ਚੁੱਕੇ ਹਨ, ਇਸ ਦੀ ਵੀ ਜਾਣਕਾਰੀ ਦਿੱਤੀ। ਮਣੀਪੁਰ ’ਚ ਮੇਇਤੀ ਅਤੇ ਕੁਕੀ ਭਾਈਚਾਰਿਆਂ ਦਰਮਿਆਨ 3 ਮਈ ਨੂੰ ਭੜਕੀ ਹਿੰਸਾ ’ਚ ਹੁਣ ਤੱਕ ਲਗਭਗ 120 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3000 ਤੋਂ ਵੱਧ ਜ਼ਖ਼ਮੀ ਹੋ ਗਏ ਹਨ।

ਮੀਟਿੰਗ ’ਚ ਸ਼ਾਮਲ ਹੋਣ ਵਾਲਿਆਂ ’ਚ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ, ਮਣੀਪੁਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਓਕਰਾਮ ਇਬੋਬੀ ਸਿੰਘ, ਤ੍ਰਿਣਮੂਲ ਕਾਂਗਰਸ ਦੇ ਨੇਤਾ ਡੇਰੇਕ ਓ ਬ੍ਰਾਇਨ, ਮੇਘਾਲਿਆ ਦੇ ਮੁੱਖ ਮੰਤਰੀ ਅਤੇ ਨੈਸ਼ਨਲ ਪੀਪਲਜ਼ ਪਾਰਟੀ (ਐੱਨ. ਪੀ. ਪੀ.) ਦੇ ਨੇਤਾ ਕੋਨਰਾਡ ਸੰਗਮਾ, ਸ਼ਿਵ ਸੈਨਾ (ਯੂ. ਬੀ. ਟੀ.) ਦੀ ਨੇਤਾ ਪਿਯੰਕਾ ਚਤੁਰਵੇਦੀ, ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕਸ਼ਗਮ (ਏ. ਆਈ. ਏ. ਡੀ. ਐੱਮ. ਕੇ.) ਨੇਤਾ ਐੱਮ. ਥੰਬੀ ਦੁਰਈ, ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਦੇ ਨੇਤਾ ਤਿਰੂਚੀ ਸ਼ਿਵਾ, ਬੀਜੂ ਜਨਤਾ ਦਲ (ਬੀਜਦ) ਨੇਤਾ ਪਿਨਾਕੀ ਮਿਸ਼ਰਾ, ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸੰਜੇ ਸਿੰਘ ਅਤੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਮਨੋਜ ਝਾਅ ਸ਼ਾਮਲ ਹੋਏ।


author

Rakesh

Content Editor

Related News