ਧਾਰਾ 370 ਤੇ 35ਏ ਨੂੰ ਖਤਮ ਕਰ ਕੇ ਮੋਦੀ ਨੇ ਭਾਰਤ ''ਚ ਅੱਤਵਾਦ ਦੇ ਰਾਹ ਕੀਤੇ ਬੰਦ : ਸ਼ਾਹ

10/31/2019 5:31:35 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਧਾਰਾ- 370 ਦੀਆਂ ਵੱਖ-ਵੱਖ ਵਿਵਸਥਾਵਾਂ ਅਤੇ 35ਏ ਜੰਮੂ-ਕਸ਼ਮੀਰ 'ਚ ਅੱਤਵਾਦ ਦੇ ਮੁੱਖ ਰਾਹ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਦੋਹਾਂ ਨੂੰ ਖਤਮ ਕਰ ਕੇ ਅੱਤਵਾਦ ਦੇ ਰਾਹ ਨੂੰ ਬੰਦ ਕਰ ਦਿੱਤਾ ਹੈ। ਸਰਦਾਰ ਪਟੇਲ ਦੇ 144ਵੇਂ ਜਨਮ ਦਿਨ ਦੇ ਮੌਕੇ 'ਤੇ ਇੱਥੇ 'ਏਕਤਾ ਦੌੜ' ਦੀ ਸ਼ੁਰੂਆਤ ਕਰਦਿਆਂ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ਦਾ ਬਾਕੀ ਦੇਸ਼ ਨਾਲ ਏਕੀਕਰਨ ਦਾ ਸਰਦਾਰ ਪਟੇਲ ਦਾ ਅਧੂਰਾ ਸੁਪਨਾ 5 ਅਗਸਤ ਨੂੰ ਪੂਰਾ ਹੋ ਗਿਆ। ਉਸ ਦਿਨ ਧਾਰਾ-370 ਅਤੇ 35ਏ ਨੂੰ ਰੱਦ ਕਰ ਕੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਗਿਆ। ਇਹ ਦੋਵੇਂ ਆਰਟੀਕਲ ਭਾਰਤ 'ਚ ਅੱਤਵਾਦ ਦੇ ਰਾਹ (ਗੇਟਵੇਅ) ਸਨ। ਮੋਦੀ ਨੇ ਇਹ ਰਾਹ ਬੰਦ ਕਰ ਦਿੱਤੇ ਹਨ।

ਸ਼ਾਹ ਨੇ ਕਿਹਾ ਕਿ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਸੀ ਤਾਂ ਦੇਸ਼ 'ਚ 550 ਤੋਂ ਵੱਧ ਰਿਆਸਤਾਂ ਸਨ। ਸਭ ਨੂੰ ਲੱਗਦਾ ਸੀ ਕਿ ਭਾਵੇਂ ਦੇਸ਼ ਨੂੰ ਆਜ਼ਾਦੀ ਮਿਲ ਗਈ ਹੈ ਪਰ ਦੇਸ਼ ਫਿਰ ਵੀ ਵੰਡਿਆ ਹੀ ਰਹੇਗਾ। ਉਦੋਂ ਮਹਾਤਮਾ ਗਾਂਧੀ ਨੇ ਸਾਰੀਆਂ ਰਿਆਸਤਾਂ ਨੂੰ ਭਾਰਤੀ ਗਣਰਾਜ 'ਚ ਸ਼ਾਮਲ ਕਰਨ ਦੀ ਜ਼ਿੰਮੇਵਾਰੀ ਸਰਦਾਰ ਪਟੇਲ ਨੂੰ ਸੌਂਪੀ ਸੀ। ਸਰਦਾਰ ਪਟੇਲ ਨੇ ਇਹ ਕੰਮ ਬਹੁਤ ਵਧੀਆ ਢੰਗ ਨਾਲ ਨਿਭਾਇਆ। ਸਿਰਫ ਇਕ ਕੰਮ ਪੂਰਾ ਹੋਣਾ ਬਾਕੀ ਰਹਿ ਗਿਆ ਸੀ ਅਤੇ ਉਹ ਸੀ ਜੰਮੂ-ਕਸ਼ਮੀਰ ਦਾ ਭਾਰਤ ਨਾਲ ਸੱਚਮੁੱਚ ਦਾ ਰਲੇਵਾਂ ਕਰਨਾ। ਇਸ ਕੰਮ 'ਚ ਧਾਰਾ-370 ਅਤੇ 35ਏ ਵੱਡੀਆਂ ਰੁਕਾਵਟਾਂ ਸਨ। ਮੋਦੀ ਨੇ ਹੁਣ ਇਹ ਰੁਕਾਵਟਾਂ ਖਤਮ ਕਰ ਦਿੱਤੀਆਂ ਹਨ। ਸਰਦਾਰ ਪਟੇਲ ਨੂੰ ਉਹ ਸਨਮਾਨ ਨਹੀਂ ਮਿਲ ਸਕਿਆ, ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਭੁਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਕੋਈ ਬੁੱਤ ਨਹੀਂ ਲਾਇਆ ਗਿਆ। ਮੋਦੀ ਨੇ ਸਰਦਾਰ ਪਟੇਲ ਨੂੰ ਸਨਮਾਨ ਦੇਣਾ ਸ਼ੁਰੂ ਕੀਤਾ।

ਅੰਦਰੂਨੀ ਸੁਰੱਖਿਆ ਬਣਾਈ ਰੱਖਣੀ ਸਰਕਾਰ ਦੀ ਉੱਚ ਕੋਟੀ ਦੀ ਪਹਿਲ
ਸ਼ਾਹ ਨੇ ਦਿੱਲੀ ਪੁਲਸ ਹੈੱਡ ਕੁਆਰਟਰ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਦਿਆਂ ਕਿਹਾ ਕਿ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਬਣਾਈ ਰੱਖਣਾ ਮੋਦੀ ਸਰਕਾਰ ਦੀ ਉੱਚ ਕੋਟੀ ਦੀ ਪਹਿਲ ਹੈ। ਇਸ ਨੂੰ ਯਕੀਨੀ ਬਣਾਉਣ ਲਈ ਸਰਹੱਦਾਂ 'ਤੇ ਨਿਗਰਾਨੀ 'ਚ ਸੁਧਾਰ ਕੀਤਾ ਗਿਆ ਹੈ। ਨਾਲ ਹੀ ਨਕਲੀ ਨੋਟਾਂ ਵਿਰੁੱਧ ਮੁਹਿੰਮ ਸਮੇਤ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ 18 ਸਾਲ ਪਹਿਲਾਂ 2001 'ਚ ਸੰਸਦ ਭਵਨ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਣ ਵਾਲੇ ਜਵਾਨਾਂ ਅਤੇ ਬਾਟਲਾ ਹਾਊਸ ਮੁਕਾਬਲੇ 'ਚ ਸ਼ਹੀਦ ਹੋਏ ਇੰਸਪੈਕਟਰ ਐੱਸ.ਸੀ. ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ।


DIsha

Content Editor

Related News