ਹੁਣ ਪੈਟਰੋਲ ਪੰਪਾਂ ''ਤੇ ਵਿਕੇਗਾ ਮਿੱਟੀ ਦਾ ਤੇਲ! LPG ਸੰਕਟ ਦਰਮਿਆਨ ਕੇਂਦਰ ਸਰਕਾਰ ਦਾ ਵੱਡਾ ਫੈਸਲਾ
Sunday, Mar 29, 2026 - 10:18 PM (IST)
ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਕਾਰਨ ਪੈਦਾ ਹੋਏ LPG ਸੰਕਟ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਮਿੱਟੀ ਦੇ ਤੇਲ (ਕੇਰੋਸਿਨ) ਦੀ ਵਿਕਰੀ ਸਬੰਧੀ ਨਿਯਮਾਂ ਵਿੱਚ ਢਿੱਲ ਦਿੰਦੇ ਹੋਏ ਅਗਲੇ 60 ਦਿਨਾਂ ਲਈ ਪੈਟਰੋਲ ਪੰਪਾਂ ਰਾਹੀਂ ਇਸ ਦੀ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਇਹ ਸਹੂਲਤ ਦੇਸ਼ ਦੇ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ 'ਚ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਰਗੇ ਰਾਜ ਸ਼ਾਮਲ ਹਨ।
ਕਿਉਂ ਪੈਦਾ ਹੋਇਆ LPG ਸੰਕਟ?
ਸਰੋਤਾਂ ਅਨੁਸਾਰ, ਅਮਰੀਕਾ ਤੇ ਇਜ਼ਰਾਈਲ ਵੱਲੋਂ 28 ਫਰਵਰੀ 2026 ਨੂੰ ਈਰਾਨ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਪੱਛਮੀ ਏਸ਼ੀਆ 'ਚ ਸੰਘਰਸ਼ ਤੇਜ਼ ਹੋ ਗਿਆ ਹੈ। ਇਸ ਦੇ ਜਵਾਬ 'ਚ ਈਰਾਨ ਨੇ ਹੋਰਮੂਜ਼ (Strait of Hormuz) ਨੂੰ ਰੋਕ ਦਿੱਤਾ ਹੈ, ਜਿੱਥੋਂ ਦੁਨੀਆ ਦੀ ਲਗਭਗ 20 ਫੀਸਦੀ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਹੈ। ਭਾਰਤ ਆਪਣੀ ਲੋੜ ਦੀ 50 ਫੀਸਦੀ ਗੈਸ ਖਾੜੀ ਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਸ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਣ ਨਾਲ ਦੇਸ਼ ਵਿੱਚ ਰਸੋਈ ਗੈਸ ਦੀ ਕਿੱਲਤ ਪੈਦਾ ਹੋ ਗਈ ਹੈ।
ਨਵੇਂ ਨਿਯਮਾਂ ਦੀਆਂ ਮੁੱਖ ਗੱਲਾਂ
ਪੈਟਰੋਲ ਪੰਪਾਂ ਤੋਂ ਵਿਕਰੀ: ਜਨਤਕ ਖੇਤਰ ਦੀਆਂ ਤੇਲ ਕੰਪਨੀਆਂ (OMCs) ਦੇ ਚੋਣਵੇਂ ਪੈਟਰੋਲ ਪੰਪ ਹੁਣ ਮਿੱਟੀ ਦਾ ਤੇਲ ਵੇਚ ਸਕਣਗੇ।
ਸਟੋਰੇਜ ਦੀ ਸੀਮਾ: ਹਰ ਚੋਣਵਾਂ ਆਊਟਲੈੱਟ ਵੱਧ ਤੋਂ ਵੱਧ 5,000 ਲੀਟਰ ਤੱਕ ਕੇਰੋਸਿਨ ਸਟੋਰ ਕਰ ਸਕੇਗਾ।
ਜ਼ਿਲ੍ਹਾ ਵਾਰ ਵੰਡ: ਹਰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਦੋ ਪੈਟਰੋਲ ਪੰਪਾਂ ਨੂੰ ਇਸ ਕੰਮ ਲਈ ਨਾਮਜ਼ਦ ਕੀਤਾ ਜਾਵੇਗਾ।
ਲਾਇਸੈਂਸਿੰਗ 'ਚ ਛੋਟ: ਸਪਲਾਈ ਚੇਨ ਨੂੰ ਤੇਜ਼ ਕਰਨ ਲਈ 'ਪੈਟਰੋਲੀਅਮ ਨਿਯਮ 2002' ਦੇ ਕੁਝ ਸਖ਼ਤ ਪ੍ਰਬੰਧਾਂ 'ਚ ਅਸਥਾਈ ਛੋਟ ਦਿੱਤੀ ਗਈ ਹੈ।
ਸਿਰਫ ਘਰੇਲੂ ਵਰਤੋਂ ਲਈ ਇਜਾਜ਼ਤ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਕੇਰੋਸਿਨ ਦੀ ਵਰਤੋਂ ਸਿਰਫ ਘਰੇਲੂ ਉਦੇਸ਼ਾਂ (ਖਾਣਾ ਪਕਾਉਣ ਅਤੇ ਰੌਸ਼ਨੀ) ਲਈ ਕੀਤੀ ਜਾ ਸਕੇਗੀ ਤਾਂ ਜੋ ਇਸ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ 2015 ਤੋਂ ਬਾਅਦ ਉੱਜਵਲਾ ਯੋਜਨਾ ਤਹਿਤ ਕੇਰੋਸਿਨ ਦੀ ਵਰਤੋਂ ਘਟਾਈ ਗਈ ਸੀ ਅਤੇ ਕਈ ਰਾਜਾਂ ਨੂੰ 'ਕੇਰੋਸਿਨ ਮੁਕਤ' ਐਲਾਨ ਕੀਤਾ ਗਿਆ ਸੀ, ਪਰ ਮੌਜੂਦਾ ਸੰਕਟ ਨੂੰ ਦੇਖਦੇ ਹੋਏ ਇਹ ਸਪਲਾਈ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਪੈਟਰੋਲੀਅਮ ਐਂਡ ਐਕਸਪਲੋਸਿਵ ਸੇਫਟੀ ਆਰਗੇਨਾਈਜ਼ੇਸ਼ਨ (PESO) ਵੱਲੋਂ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ ਸਖ਼ਤੀ ਨਾਲ ਲਾਗੂ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਪੈਟਰੋਲ-ਡੀਜ਼ਲ ਤੇ LPG ਦੀਆਂ ਕੀਮਤਾਂ 'ਚ ਆਵੇਗਾ ਵੱਡਾ ਉਛਾਲ? ਬਾਬਾ ਵੇਂਗਾ ਦੀ ਭਵਿੱਖਬਾਣੀ ਨੇ ਵਧਾਈ ਹਲਚਲ, ਜਾਣੋ ਸੱਚਾਈ
