ਅਮਰੀਕੀ ਸਟਾਈਲ 'ਚ ਹੀ ਖਤਮ ਕੀਤਾ ਜਾ ਸਕਦਾ ਹੈ ਅੱਤਵਾਦ : CDS ਰਾਵਤ

01/16/2020 11:38:54 AM

ਨਵੀਂ ਦਿੱਲੀ— ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਦੁਨੀਆ ਨੂੰ ਅੱਤਵਾਦ ਤੋਂ ਮੁਕਤ ਕਰਨ ਲਈ ਅੱਤਵਾਦੀਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ 'ਤੇ ਸਖਤ ਕਾਰਵਾਈ ਕਰਨੀ ਹੋਵੇਗੀ। ਨਵੀਂ ਦਿੱਲੀ 'ਚ ਆਯੋਜਿਤ 2 ਦਿਨਾ ਰਾਏਸੀਨਾ ਡਾਇਲੌਗ ਪ੍ਰੋਗਰਾਮ 'ਚ ਜਨਰਲ ਰਾਵਤ ਨੇ ਕਿਹਾ ਕਿ ਅੱਤਵਾਦ ਨੂੰ ਅਮਰੀਕਾ ਦੇ ਤਰੀਕੇ ਨਾਲ ਹੀ ਹਰਾਇਆ ਜਾ ਸਕਦਾ ਹੈ। ਇਸ ਪ੍ਰੋਗਰਾਮ 'ਚ ਉਨ੍ਹਾਂ ਨੇ ਦੇਸ਼ 'ਚ ਲੋਕਾਂ ਨੂੰ ਕੱਟੜ ਬਣਾਏ ਜਾਣ, ਕਸ਼ਮੀਰ 'ਚ ਪੈਲੇਟ ਗਨ ਦੀ ਵਰਤੋਂ ਵਰਗੇ ਗੰਭੀਰ ਸਵਾਲਾਂ ਦੇ ਜਵਾਬ ਦਿੱਤੇ।

ਅਮਰੀਕੀ ਸਟਾਈਲ 'ਚ ਖਤਮ ਕੀਤਾ ਜਾ ਸਕਦਾ ਹੈ ਅੱਤਵਾਦ
ਉਨ੍ਹਾਂ ਨੇ ਕਿਹਾ,''ਸਾਨੂੰ ਅੱਤਵਾਦ ਨੂੰ ਖਤਮ ਕਰਨਾ ਹੋਵੇਗਾ ਅਤੇ ਅਜਿਹਾ ਸਿਰਫ਼ ਉਸੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ, ਜੋ ਤਰੀਕਾ ਅਮਰੀਕਾ ਨੇ 9/11 ਹਮਲੇ ਤੋਂ ਬਾਅਦ ਅਪਣਾਇਆ। ਅੱਤਵਾਦ ਨੂੰ ਅਮਰੀਕੀ ਸਟਾਈਲ 'ਚ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ (ਅਮਰੀਕੀਆਂ ਨੇ) ਅੱਤਵਾਦ ਵਿਰੁੱਧ ਵਿਸ਼ਵ ਯੁੱਧ ਛੇੜ ਦਿੱਤਾ।'' ਸੀ.ਡੀ.ਐੱਸ. ਨੇ ਕਿਹਾ,''ਅੱਤਵਾਦ ਦੇ ਖਾਤਮੇ ਲਈ ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਸਾਰਿਆਂ ਨੂੰ ਵੱਖ ਕਰਨ ਦੀ ਜ਼ਰੂਰਤ ਹੈ, ਜੋ ਅੱਤਵਾਦ ਦੀ ਫੰਡਿੰਗ ਜਾਂ ਉਸ ਦਾ ਬਚਾਅ ਕਰਦੇ ਹਨ। ਇਨ੍ਹਾਂ ਨੂੰ ਸਜ਼ਾ ਦੇਣੀ ਹੀ ਹੋਵੇਗੀ।'' ਉਨ੍ਹਾਂ ਨੇ ਅੱਤਵਾਦੀ ਸੰਗਠਨਾਂ ਨਾਲ ਸ਼ਾਂਤੀ ਸਮਝੌਤਿਆਂ ਬਾਰੇ ਕਿਹਾ ਕਿ ਅਜਿਹੇ ਸਮਝੌਤਿਆਂ 'ਚ ਅਮਰ-ਚੈਨ ਯਕੀਨੀ ਦੀ ਗਾਰੰਟੀ ਲਈ ਜਾਣੀ ਚਾਹੀਦੀ ਹੈ। ਜਨਰਲ ਰਾਵਤ ਨੇ ਕਿਹਾ,''ਤੁਹਾਨੂੰ (ਅਫਗਾਨਿਸਤਾਨ 'ਚ) ਸਾਰਿਆਂ ਲਈ ਸ਼ਾਂਤੀ ਸਮਝੌਤਾ ਕਰਨਾ ਹੈ, ਜੇਕਰ ਤੁਸੀਂ ਉਨ੍ਹਾਂ ਨਾਲ ਇਹ ਕਰਨਾ ਹੈ ਤਾਂ ਤੁਹਾਨੂੰ ਸ਼ਾਂਤੀ ਯਕੀਨੀ ਕਰਨੀ ਹੋਵੇਗੀ। ਤਾਲਿਬਾਨ ਹੋਵੇ ਜਾਂ ਅੱਤਵਾਦ 'ਚ ਸ਼ਾਮਲ ਕੋਈ ਵੀ ਸੰਗਠਨ, ਉਨ੍ਹਾਂ ਨੂੰ ਅੱਤਵਾਦ ਦੀ ਬੰਦੂਕ ਤਿਆਗਣੀ ਪਵੇਗੀ, ਉਨ੍ਹਾਂ ਨੂੰ ਮੁੱਖਧਾਰੀ ਦੀ ਰਾਜਨੀਤੀ 'ਚ ਆਉਣ ਹੀ ਹੋਵੇਗਾ।''

ਸਕੂਲ ਤੋਂ ਲੈ ਕੇ ਧਾਰਮਿਕ ਸਥਾਨਾਂ ਤੱਕ ਕੱਟੜਤਾ ਦਾ ਪਾਠ ਪੜ੍ਹਾਇਆ ਜਾ ਰਿਹੈ
ਇਕ ਸਵਾਲ ਦੇ ਜਵਾਬ 'ਚ ਬਿਪਿਨ ਰਾਵਤ ਨੇ ਕਿਹਾ ਕਿ ਲੋਕਾਂ ਨੂੰ ਕੱਟੜ ਬਣਾਉਣ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ 'ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲ, ਯੂਨੀਵਰਸਿਟੀ ਤੋਂ ਲੈ ਕੇ ਧਾਰਮਿਕ ਸਥਾਨਾਂ ਤੱਕ 'ਚ ਕੱਟੜਤਾ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਦਰਅਸਲ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਦੇਸ਼ 'ਚ ਕੱਟੜਤਾ ਵਿਰੁੱਧ ਮੁਹਿੰਮ ਪ੍ਰਭਾਵੀ ਸਾਬਤ ਨਹੀਂ ਹੋ ਰਹੀ ਹੈ ਤਾਂ ਅੱਤਵਾਦ 'ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ?

ਕੱਟੜਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ
ਇਸ ਦੇ ਜਵਾਬ 'ਚ ਸੀ.ਡੀ.ਐੱਸ. ਨੇ ਕਿਹਾ,''ਕੱਟੜਵਾਦ ਨੂੰ ਖਤਮ ਕੀਤਾ ਜਾ ਸਕਦਾ ਹੈ। ਉਹ ਕੌਣ ਲੋਕ ਹਨ, ਜੋ ਲੋਕਾਂ ਨੂੰ ਕੱਟੜ ਬਣਾ ਰਹੇ ਹਨ। ਸਕੂਲਾਂ 'ਚ, ਯੂਨੀਵਰਸਿਟੀਆਂ 'ਚ, ਧਾਰਮਿਕ ਸਥਾਨਾਂ 'ਚ ਅਜਿਹੇ ਲੋਕ ਹਨ। ਅਜਿਹੇ ਲੋਕਾਂ ਦਾ ਸਮੂਹ ਹੈ ਜੋ ਕੱਟੜਤਾ ਫੈਲਾ ਰਹੇ ਹਨ। ਤੁਹਾਨੂੰ ਸਭ ਤੋਂ ਪਹਿਲਾਂ ਨਸ ਫੜਨੀ ਹੋਵੇਗੀ। ਤੁਹਾਨੂੰ ਅਜਿਹੇ ਲੋਕਾਂ ਦੀ ਪਛਾਣ ਕਰ ਕੇ ਇਨ੍ਹਾਂ ਨੂੰ ਲਗਾਤਾਰ ਵੱਖ ਕਰਨਾ ਹੋਵੇਗਾ।''

ਜੰਮੂ-ਕਸ਼ਮੀਰ 'ਚ ਲੋਕਾਂ ਨੂੰ ਕੱਟੜ ਬਣਾਇਆ ਗਿਆ
ਸੀ.ਡੀ.ਐੱਸ. ਨੇ ਕਿਹਾ ਕਿ ਦੂਜੇ ਪੜਾਅ 'ਚ ਪਤਾ ਲਗਾਉਣਾ ਹੋਵੇਗਾ ਕਿ ਕਿਹੜੇ ਲੋਕਾਂ 'ਚ ਕੱਟੜਤਾ 'ਚ ਕਿੰਨਾ ਅੰਸ਼ ਹੈ। ਉਨ੍ਹਾਂ ਨੇ ਕਿਹਾ,''ਜੋ ਲੋਕ ਪੂਰੀ ਤਰ੍ਹਾਂ ਨਾਲ ਕੱਟੜ ਬਣ ਚੁਕੇ ਹਨ, ਉਨ੍ਹਾਂ ਤੋਂ ਕੰਮ ਸ਼ੁਰੂ ਕਰਨਾ ਹੋਵੇਗਾ। ਉਨ੍ਹਾਂ ਨੂੰ ਕੱਟੜਤਾ ਵਿਰੁੱਧ ਪ੍ਰੋਗਰਾਮਾਂ 'ਚ ਸ਼ਾਮਲ ਕਰਨਾ ਹੋਵੇਗਾ। ਜੰਮੂ-ਕਸ਼ਮੀਰ 'ਚ ਲੋਕਾਂ ਨੂੰ ਕੱਟੜ ਬਣਾਇਆ ਗਿਆ। 12 ਸਾਲ ਦੇ ਮੁੰਡੇ-ਕੁੜੀਆਂ ਨੂੰ ਵੀ ਕੱਟੜਤਾ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਹੌਲੀ-ਹੌਲੀ ਕੱਟੜਤਾ ਤੋਂ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਡੀਰੈਡਿਕਲਾਈਜੇਸ਼ਨ ਕੈਂਪ ਬਣਾਉਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੀ ਇਹ ਕਰ ਰਿਹਾ ਹੈ। ਉੱਥੇ ਡੀਰੈਡਿਕਲਾਈਜੇਸ਼ਨ ਕੈਂਪਸ ਹਨ, ਕਿਉਂਕਿ ਕੁਝ ਅੱਤਵਾਦੀ ਸੰਗਟਨ ਉਸ ਨੂੰ ਹੀ ਨੁਕਸਾਨ ਪਹੁੰਚਾਉਣ ਲੱਗੇ ਹਨ।''

ਆਰਮੀ ਪੱਥਰਬਾਜ਼ਾਂ ਦੇ ਚਿਹਰਿਆਂ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਹੈ
ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਭਾਰਤੀ ਫੌਜ ਕਸ਼ਮੀਰ 'ਚ ਕੁਝ ਜ਼ਿਆਦਾ ਹੀ ਸਖਤੀ ਨਹੀਂ ਕਰਦੀ ਹੈ? ਜਨਰਲ ਰਾਵਤ ਨੇ ਕਿਹਾ,''ਇਸ ਤਰ੍ਹਾਂ ਦੀ ਧਾਰਨਾ ਬਣਾਈ ਗਈ ਹੈ। ਪਰਾਕਸੀ ਯੁੱਧ ਲੜਿਆ ਜਾ ਰਿਹਾ ਸੀ, ਉਦੋਂ ਆਰਮੀ ਨੇ ਸਖਤੀ ਕੀਤੀ ਸੀ ਪਰ ਹੁਣ ਅਜਿਹਾ ਨਹੀਂ ਹੋ ਰਿਹਾ ਹੈ।'' ਇਸ ਵਿਚ ਪੈਲੇਟ ਗਨ ਦੇ ਇਸਤੇਮਾਲ 'ਤੇ ਕੀਤੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ,''ਪੱਥਰ ਵੀ ਪੈਲੇਟ ਗਨ ਜਿੰਨਾ ਹੀ ਖਤਰਨਾਕ ਹੈ। ਪੈਲੇਟ ਗਨ ਨਾਲ ਪੱਥਰਬਾਜ਼ਾਂ ਦੇ ਪੈਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਕਿਉਂਕਿ ਉਹ ਜ਼ਮੀਨ 'ਤੇ ਪਏ ਪੱਥਰ ਚੁੱਕਣ ਲਈ ਝੁਕਦੇ ਹਨ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਵੀ ਪੈਲੇਟ ਗਨ ਦੇ ਛਰਰੇ ਲੱਗ ਜਾਂਦੇ ਹਨ।'' ਸੀ.ਡੀ.ਐੱਸ. ਨੇ ਕਿਹਾ ਕਿ ਆਰਮੀ ਪੱਥਰਬਾਜ਼ਾਂ ਦੇ ਚਿਹਰਿਆਂ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਹੈ।


DIsha

Content Editor

Related News