ਇਕ ਪਾਸਪੋਰਟ ’ਤੇ ਗਿਆ ਅਮਰੀਕਾ ਤਾਂ ਦੂਜੇ ’ਤੇ 10 ਸਾਲ ਬਾਅਦ ਪਰਤਿਆ, ਇਸ ਤਰ੍ਹਾਂ ਫੜੀ ਗਈ ਚਾਲਾਕੀ
Thursday, Feb 03, 2022 - 12:06 PM (IST)
ਨਵੀਂ ਦਿੱਲੀ- ਅਮਰੀਕਾ ’ਚ ਜਾ ਕੇ ਨੌਕਰੀ ਕਰਨ ਲਈ ਇਕ ਵਿਅਕਤੀ ਫਰਜ਼ੀ ਪਾਸਪੋਰਟ ਅਤੇ ਵੀਜ਼ਾ ਲੈ ਕੇ 10 ਸਾਲ ਪਹਿਲਾਂ ਅਮਰੀਕਾ ਜਾਣ ’ਚ ਕਾਮਯਾਬ ਰਿਹਾ ਪਰ ਵਾਪਸ ਪਰਤਦੇ ਸਮੇਂ ਉਸ ਨੇ ਦੂਜੇ ਪਾਸਪੋਰਟ ਦੀ ਵਰਤੋਂ ਕਰ ਲਈ ਪਰ ਇੱਥੇ ਫਰਜ਼ੀਵਾੜੇ ਦੀ ਪੋਲ ਖੁੱਲ੍ਹ ਗਈ। ਜਦੋਂ ਦਿੱਲੀ ਦੇ ਆਈ. ਜੀ. ਆਈ. ਏਅਰਪੋਰਟ ’ਤੇ ਤਾਇਨਾਤ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਪਾਸਪੋਰਟ ਦੀ ਜਾਂਚ ਕੀਤੀ ਤਾਂ ਪਾਇਆ ਕਿ ਉਹ ਫਰਜ਼ੀ ਹੈ, ਜਿਸ ਤੋਂ ਬਾਅਦ ਛੋਟੇ ਲਾਲ ਨਾਮਕ ਉਕਤ ਯਾਤਰੀ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਆਈ. ਜੀ. ਆਈ. ਏਅਰਪੋਰਟ ਪੁਲਸ ਨੂੰ ਸੌਂਪ ਦਿੱਤਾ। ਇਮੀਗ੍ਰੇਸ਼ਨ ਵਿਭਾਗ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 300 ਕਰੋੜ ਦੀ ਕ੍ਰਿਪਟੋਕਰੰਸੀ ਲਈ ਕਾਰੋਬਾਰੀ ਅਗਵਾ, ਪੁਲਸ ਕਰਮੀ ਨਿਕਲਿਆ ਸਾਜ਼ਿਸ਼ ਦਾ ਮਾਸਟਰਮਾਈਂਡ
ਜਾਣਕਾਰੀ ਅਨੁਸਾਰ ਮੁਲਜ਼ਮ ਛੋਟੇ ਲਾਲ 31 ਜਨਵਰੀ ਦੀ ਰਾਤ ਨੂੰ ਅਮਰੀਕਾ ਤੋਂ ਆਈ. ਜੀ. ਆਈ. ਏਅਰਪੋਰਟ ਦੇ ਇੰਟਰਨੈਸ਼ਨਲ ਟਰਮੀਨਲ-3 ’ਤੇ ਉੱਤਰਿਆ ਸੀ। ਇੱਥੇ ਜਹਾਜ਼ ਤੋਂ ਉਤਰਣ ਤੋਂ ਬਾਅਦ ਜਦੋਂ ਏਰਾਈਵਲ ਸਥਿਤ ਇਮੀਗ੍ਰੇਸ਼ਨ ਕਾਊਂਟਰ 'ਤੇ ਦਸਤਾਵੇਜ਼ਾਂ ਦੀ ਜਾਂਚ ਲਈ ਪਹੁੰਚਿਆ ਤਾਂ ਜਾਂਚ ਅਧਿਕਾਰੀਆਂ ਨੇ ਦੇਖਿਆ ਕਿ ਜੋ ਪਾਸਪੋਰਟ ਉਸ ਨੇ ਸੌਂਪਿਆ ਹੈ, ਉਸ 'ਤੇ ਅੰਤਿਮ ਯਾਤਰਾ ਦਾ ਕੋਈ ਵੇਰਵਾ ਨਹੀਂ ਹੈ। ਨਾ ਹੀ ਉਨ੍ਹਾਂ ਕੋਲ ਉਪਲੱਬਧ ਡਾਟਾ 'ਚ ਉਸ ਦਾ ਕੋਈ ਵੇਰਵਾ ਹੈ। ਇਸ 'ਚ ਭਾਰਤ ਤੋਂ ਅਮਰੀਕਾ ਜਾਣ ਦਾ ਕੋਈ ਰਿਕਾਰਡ ਨਹੀਂ ਸੀ। ਜਦੋਂ ਅਧਿਕਾਰੀਆਂ ਨੇ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਸੰਤੋਸ਼ਜਨਕ ਉੱਤਰ ਨਹੀਂ ਦੇ ਸਕਿਆ। ਜਦੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਸਵੀਕਾਰ ਕਰ ਲਿਆ ਕਿ ਉਸ ਵਲੋਂ ਉਪਲੱਬਧ ਕਰਵਾਇਆ ਗਿਆ ਪਾਸਪੋਰਟ ਫਰਜ਼ੀ ਹੈ। ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਹ ਅਮਰੀਕਾ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਹੈ ਕਿ ਉਸ ਨੇ ਅਮਰੀਕਾ ਜਾਣ ਲਈ ਕਿਸੇ ਦੂਜੇ ਦੇ ਪਾਸਪੋਰਟ ਦਾ ਇਸਤੇਮਾਲ ਕੀਤਾ ਸੀ, ਜੋ ਧੋਖਾਧੜੀ ਹੈ। ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 10 ਸਾਲ ਪਹਿਲਾਂ ਉਸ ਦੀ ਇਹ ਕਰਤੂਤ ਏਅਰਪੋਰਟ 'ਤੇ ਤਾਇਨਾਤ ਅਧਿਕਾਰੀ ਕਿਉਂ ਨਹੀਂ ਫੜ ਸਕੇ। ਪੁੱਛ-ਗਿੱਛ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਆਈ.ਜੀ.ਆਈ. ਏਅਰਪੋਰਟ ਥਾਣੇ 'ਚ ਦਰਜ ਕਰਵਾਈ। ਹੁਣ ਆਈ.ਜੀ.ਆਈ. ਥਾਣਾ ਪੁਲਸ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ 'ਚ ਜੁਟੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ