ਗੇਟਸ ਫਾਊਂਡੇਸ਼ਨ 'ਸਵੱਛ ਭਾਰਤ ਮਿਸ਼ਨ' ਲਈ ਮੋਦੀ ਨੂੰ ਕਰੇਗਾ ਸਨਮਾਨਿਤ

09/17/2019 11:03:21 AM

ਵਾਸ਼ਿੰਗਟਨ (ਭਾਸ਼ਾ)— ਵਿਵਾਦਿਤ ਖੇਤਰ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੇ ਕਥਿਤ ਘਾਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕਰੇਗਾ। 'ਜਸਟਿਸ ਫੌਰ ਆਲ' ਨਾਲ ਜੁੜੇ ਦਰਜਨ ਭਰ ਲੋਕਾਂ ਵਿਚੋਂ ਕੁਝ ਨੇ 'ਫ੍ਰੀ ਕਸ਼ਮੀਰ' ਲਿਖੀਆਂ ਟੀ-ਸ਼ਰਟ ਪਹਿਨੀਆਂ ਸਨ। ਸੋਮਵਾਰ ਨੂੰ ਗੇਟਸ ਫਾਊਂਡੇਸ਼ਨ ਦੇ ਸੀਏਟਲ ਸਥਿਤ ਹੈੱਡਕੁਆਰਟਰ ਨੂੰ 100,000 ਨਿਵੇਸ਼ਕਾਂ ਦੇ ਦਸਤਖਤ ਵਾਲੀ ਚਿੱਠੀ ਸੌਂਪੀ ਗਈ, ਜਿਸ ਵਿਚ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਅਤੇ ਗੈਰ ਲਾਭਕਾਰੀ ਸੰਸਥਾ ਨੂੰ ਮੋਦੀ ਨੂੰ ਭਾਰਤ ਦੀ ਇਕ ਸਵੱਛ ਪਹਿਲ 'ਸਵੱਛ ਭਾਰਤ ਮਿਸ਼ਨ' ਲਈ ਸਨਮਾਨਿਤ ਨਾ ਕਰਨ ਦੀ ਅਪੀਲ ਕੀਤੀ। 

ਸੀਏਟਲ ਵਿਚ ਇਕ ਪ੍ਰਦਰਸ਼ਨਕਾਰੀ ਜਾਵੇਦ ਸਿਕੰਦਰ ਦਾ ਕਹਿਣਾ ਹੈ ਕਿ ਉਹ ਮਾਈਕ੍ਰੋਸਾਫਟ ਦਾ ਇਕ ਸਾਬਕਾ ਕਰਮਚਾਰੀ ਹੈ। ਉਸ ਨੇ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਦੇ ਫਾਊਂਡੇਸ਼ਨ ਦੀ ਤਾਰੀਫ ਕੀਤੀ ਅਤੇ ਉਸ ਨੂੰ ਇਕ ਪ੍ਰੇਰਨਾ ਸਰੋਤ ਦੱਸਿਆ। ਸਿਕੰਦਰ ਨੇ ਕਿਹਾ,''ਇਹੀ ਕਾਰਨ ਹੈ ਕਿ ਅਸੀਂ ਇੰਨੇ ਨਿਰਾਸ਼ ਹਾਂ ਕਿ ਫਾਊਂਡੇਸ਼ਨ ਇਕ ਅਜਿਹੇ ਵਿਅਕਤੀ ਨੂੰ ਸਨਮਾਨਿਤ ਕਰੇਗਾ ਜੋ ਸਪੱਸ਼ਟ ਤੌਰ 'ਤੇ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ।'' ਗੇਟਸ ਫਾਊਂਡੇਸ਼ਨ ਨੇ ਇਕ ਬਿਆਨ ਵਿਚ ਕਿਹਾ,''ਉਹ ਨਿਵੇਸ਼ਕਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਹੈ ਪਰ ਅਸੀਂ ਮੋਦੀ ਨੂੰ ਭਾਰਤ ਵਿਚ 50 ਕਰੋੜ ਲੋਕਾਂ ਨੂੰ ਸਫਾਈ ਪ੍ਰਦਾਨ ਕਰਨ ਲਈ ਆਪਣਾ ਸਲਾਨਾ 'ਗੋਲਕੀਪਰਸ ਗਲੋਬਲ ਗੋਲਸ' ਪੁਰਸਕਾਰ ਪ੍ਰਦਾਨ ਕਰਾਂਗੇ।'' 

ਗੇਟਸ ਫਾਊਂਡੇਸ਼ਨ ਦੇ ਬਿਆਨ ਵਿਚ ਕਿਹਾ ਗਿਆ,''ਅਸੀਂ ਉਨ੍ਹਾਂ ਵਿਸ਼ੇਸ਼ ਮੁੱਦਿਆਂ 'ਤੇ ਕੰਮ ਕਰਦੇ ਹਾਂ ਜਿੱਥੇ ਸਾਨੂੰ ਲਗਦਾ ਹੈ ਕਿ ਅਸੀਂ ਦੁਨੀਆ ਦੇ ਸਭ ਤੋਂ ਗਰੀਬ ਲੋਕਾਂ ਦੇ ਜੀਵਨ ਵਿਚ ਸਭ ਤੋਂ ਜ਼ਿਆਦਾ ਤਬਦੀਲੀ ਲਿਆ ਸਕਦੇ ਹਾਂ।'' ਗੌਰਤਲਬ ਹੈ ਕਿ ਪੀ.ਐੱਮ. ਮੋਦੀ ਅਗਲੇ ਹਫਤੇ ਅਮਰੀਕਾ ਵਿਚ ਫਾਊਂਡੇਸ਼ਨ ਦਾ ਪੁਰਸਕਾਰ ਗ੍ਰਹਿਣ ਕਰਨਗੇ। ਪ੍ਰਧਾਨ ਮੰਤਰੀ ਮੋਦੀ ਹਿਊਸਟਨ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਇਕ ਰੈਲੀ ਵਿਚ ਵੀ ਸ਼ਿਰਕਤ ਕਰਨਗੇ।


Vandana

Content Editor

Related News