ਅਟਲ ਜੀ ਦੇ ਦਿਹਾਂਤ 'ਤੇ ਪਾਕਿ, ਯੂ.ਐੱਸ. ਸਮੇਤ ਕਈ ਦੇਸ਼ਾਂ ਤੋਂ ਆਏ ਸੋਗ ਸੰਦੇਸ਼

08/17/2018 2:03:11 PM

ਵਾਸ਼ਿੰਗਟਨ (ਬਿਊਰੋ)— ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਲੰਬੀ ਬੀਮਾਰੀ ਦੇ ਬਾਅਦ ਵੀਰਵਾਰ ਸ਼ਾਮ ਨੂੰ ਏਮਸ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ 'ਤੇ ਅਮਰੀਕਾ, ਚੀਨ, ਬੰਗਲਾਦੇਸ਼, ਨੇਪਾਲ ਅਤੇ ਜਾਪਾਨ ਨੇ ਦੁੱਖ ਪ੍ਰਗਟ ਕੀਤਾ ਹੈ। ਪਾਕਿਸਤਾਨ ਦੇ ਬਣਨ ਵਾਲੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਇਮਰਾਨ ਖਾਨ ਨੇ ਕਿਹਾ,''ਭਾਰਤ-ਪਾਕਿਸਤਾਨ ਵਿਚ ਸ਼ਾਂਤੀ ਦੀ ਦਿਸ਼ਾ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਵਾਜਪਾਈ ਉਪ ਮਹਾਦੀਪ ਦੀ ਪ੍ਰਮੁੱਖ ਰਾਜਨੀਤਕ ਸ਼ਖਸੀਅਤ ਸਨ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਵੱਡਾ ਘਾਟਾ ਪੈ ਗਿਆ ਹੈ। ਮੈਂ ਦੁੱਖ ਦੀ ਇਸ ਘੜੀ ਵਿਚ ਭਾਰਤ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ।''

ਭਾਰਤ ਵਿਚ ਚੀਨ ਦੇ ਰਾਜਦੂਤ ਲੁਓ ਝਾਓਹੁਈ ਨੇ ਟਵੀਟ ਕੀਤਾ,''ਸਨਮਾਨਿਤ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਨਾਲ ਡੂੰਘਾ ਦੁੱਖ ਪਹੁੰਚਿਆ ਹੈ। ਚੀਨ ਅਤੇ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਉਨ੍ਹਾਂ ਦੇ ਖਾਸ ਯੋਗਦਾਨ ਨੂੰ ਅਸੀਂ ਕਦੇ ਨਹੀਂ ਭੁੱਲਾਂਗੇ।'' ਚੀਨੀ ਰਾਜਦੂਤ ਨੇ ਕਿਹਾ,''ਵਾਜਪਾਈ ਨੇ ਚੀਨ ਦੇ ਤਿੰਨ ਪੀੜ੍ਹੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸਾਲ 2003 ਵਿਚ ਪ੍ਰਧਾਨ ਮੰਤਰੀ ਦੇ ਰੂਪ ਵਿਚ ਆਪਣੀ ਚੀਨ ਯਾਤਰਾ ਦੌਰਾਨ ਵਾਜਪਾਈ ਨੇ ਸੀਮਾ ਵਿਵਾਦ ਹੱਲ ਕਰਨ ਲਈ ਮਕੈਨਿਜ਼ਮ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਨਾਲ ਹੀ ਭਾਰਤੀ ਸਟਾਈਲ ਦੇ ਇਕ ਬੌਧ ਮੰਦਰ ਨੂੰ ਚੀਨ ਦੀ ਲੁਓਯਾਂਗ ਸਿਟੀ ਵਿਚ ਦਾਨ ਕੀਤਾ ਸੀ।'' 

 

ਭਾਰਤ ਸਥਿਤ ਅਮਰੀਕੀ ਦੂਤਘਰ ਨੇ ਕਿਹਾ,''ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਆਪਣੇ ਸ਼ਾਸਨ ਵਿਚ ਅਮਰੀਕਾ ਨਾਲ ਮਜ਼ਬੂਤ ਹਿੱਸੇਦਾਰੀ ਦੀ ਹਮਾਇਤ ਕੀਤੀ। ਅਮਰੀਕੀ ਮਿਸ਼ਨ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੇ ਪਰਿਵਾਰ ਵਾਲਿਆਂ ਅਤੇ ਭਾਰਤ ਦੇ ਨਾਗਰਿਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਭਾਰਤ ਦੇ ਸਭ ਤੋਂ ਮਸ਼ਹੂਰ ਪੁੱਤਰਾਂ ਵਿਚੋਂ ਇਕ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਦਾ ਡੂੰਘਾ ਦੁੱਖ ਹੈ। ਉਨ੍ਹਾਂ ਨੂੰ ਸ਼ਾਸਨ, ਖੇਤਰੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਕੀਤੇ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

 

ਜਾਪਾਨ ਦੇ ਰਾਜਦੂਤ ਹਿਰਾਮਲਸੁ ਨੇ ਆਪਣੇ ਸੋਗ ਸੰਦੇਸ਼ ਵਿਚ ਕਿਹਾ,''ਮੈਂ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਨਾਲ ਬਹੁਤ ਦੁੱਖੀ ਹਾਂ। ਉਹ ਸਾਡੇ ਸਮੇਂ ਦੇ ਸਭ ਤੋਂ ਜ਼ਿਆਦਾ ਪ੍ਰੇਰਣਾ ਦੇਣ ਵਾਲੇ ਗਲੋਬਲ ਨੇਤਾਵਾਂ ਵਿਚੋਂ ਇਕ ਸਨ।'' ਉਨ੍ਹਾਂ ਨੇ ਕਿਹਾ ਕਿ ਵਾਜਪਾਈ ਦੀ ਪਹਿਲ ਕਾਰਨ ਹੀ ਜਾਪਾਨ-ਭਾਰਤ ਦੇ ਰਿਸ਼ਤੇ ਉੱਚ ਸਿਖਰ 'ਤੇ ਪਹੁੰਚੇ ਹਨ। ਅਜਿਹੇ ਮਹਾਨ ਨੇਤਾ ਦਾ ਦਿਹਾਂਤ ਸਿਰਫ ਭਾਰਤ ਲਈ ਹੀ ਨਹੀਂ ਸਗੋਂ ਜਾਪਾਨ, ਏਸ਼ੀਆ ਸਮੇਤ ਕੌਮਾਂਤਰੀ ਭਾਈਚਾਰੇ ਲਈ ਵੱਡਾ ਨੁਕਸਾਨ ਹੈ। 

ਭਾਰਤ ਵਿਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਡੋਮੋਨਿਕ ਆਸਕਵਿਥ ਨੇ ਕਿਹਾ,''ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਨਾਲ ਅਸੀਂ ਬਹੁਤ ਦੁੱਖੀ ਹਾਂ। ਅਸੀਂ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਮਹਾਨ ਆਗੂਆਂ ਵਿਚੋਂ ਇਕ ਆਗੂ ਦੇ ਤੌਰ 'ਤੇ ਯਾਦ ਕਰਾਂਗੇ। ਇਕ ਰਾਜ ਦਾ ਮੁਖੀ ਹੋਣ ਦੇ ਨਾਤੇ ਬ੍ਰਿਟੇਨ ਵਿਚ ਉਨ੍ਹਾਂ ਦਾ ਕਾਫੀ ਸਨਮਾਨ ਹੈ।''

ਅਫਗਾਨਿਸਤਾਨ ਦੇ ਰਾਜਦੂਤ ਸ਼ਾਏਦਾ ਅਬਦਾਲੀ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਅਟਲ ਜੀ ਨਾ ਸਿਰਫ ਭਾਰਤ ਦੇ ਸਗੋਂ ਦੱਖਣੀ ਏਸ਼ੀਆ ਦੀ ਮਹਾਨ ਸ਼ਖਸੀਅਤ ਅਤੇ ਮਹਾਨ ਰਾਜਨੇਤਾ ਸਨ। ਉਨ੍ਹਾਂ ਦੇ ਜਾਣ ਨਾਲ ਅਸੀਂ ਉੱਚ ਅਗਵਾਈ ਦੇਣ ਵਾਲੇ ਨੇਤਾ ਨੂੰ ਗਵਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਮੈਂ ਭਾਰਤ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ।

ਮਾਲਦੀਵ ਦੇ ਰਾਜਦੂਤ ਨੇ ਟਵੀਟ ਕੀਤਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਨਾਲ ਦੁਖੀ ਹਨ। ਉਹ ਆਪਣੇ ਪਿੱਛੇ ਖੁਸ਼ਹਾਲ ਵਿਰਾਸਤ ਛੱਡ ਗਏ ਹਨ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

ਰੂਸ ਦੇ ਰਾਜਦੂਤ ਨੇ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਵਾਜਪਾਈ ਵੱਡੇ ਕੂਟਨੀਤਕ ਸਨ। ਉਹ ਭਾਰਤੀ ਰਾਜਨੀਤੀ ਦੇ ਇਤਿਹਾਸ ਦਾ ਅਟੁੱਟ ਹਿੱਸਾ ਰਹਿਣਗੇ। ਉਹ ਪੂਰੀ ਜ਼ਿੰਦਗੀ ਰਾਸ਼ਟਰ ਸੇਵਾ ਲਈ ਸਮਰਪਿਤ ਰਹੇ। ਉਨ੍ਹਾਂ ਦਾ ਭਾਰਤ ਦੇ ਇਲਾਵਾ ਪੂਰੀ ਦੁਨੀਆ ਵਿਚ ਸਨਮਾਨ ਹੈ। ਉਹ ਰੂਸ ਦੇ ਸੱਚੇ ਦੋਸਤ ਸਨ। ਉਹ ਇਕ ਕਵੀ ਅਤੇ ਵਿਦਵਾਨ ਪੁਰਸ਼ ਵੀ ਸਨ।


Related News