‘ਚਮਚਾ ਯੁੱਗ’ ’ਚ ਅੰਬੇਡਕਰ ਦੇ ਮਿਸ਼ਨ ’ਤੇ ਡਟੇ ਰਹਿਣਾ ਬਹੁਤ ਵੱਡੀ ਗੱਲ: ਮਾਇਆਵਤੀ

Tuesday, Mar 15, 2022 - 10:59 AM (IST)

‘ਚਮਚਾ ਯੁੱਗ’ ’ਚ ਅੰਬੇਡਕਰ ਦੇ ਮਿਸ਼ਨ ’ਤੇ ਡਟੇ ਰਹਿਣਾ ਬਹੁਤ ਵੱਡੀ ਗੱਲ: ਮਾਇਆਵਤੀ

ਲਖਨਊ (ਭਾਸ਼ਾ)– ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਮੌਜੂਦਾ ‘ਚਮਚਾ ਯੁੱਗ’ ’ਚ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੇ ਮਿਸ਼ਨ ’ਤੇ ਡਟੇ ਰਹਿਣਾ ਬਹੁਤ ਵੱਡੀ ਗੱਲ ਹੈ। ਬਸਪਾ ਆਪਣੇ ਅੰਦੋਲਨ ਦੇ ਦਮ ’ਤੇ ਇਸ ਮੁਹਿੰਮ ਨੂੰ ਅੱਗੇ ਵਧਾ ਰਹੀ ਹੈ। ਮਾਇਆਵਤੀ ਨੇ ਬਸਪਾ ਸੰਸਥਾਪਕ ਕਾਂਸ਼ੀਰਾਮ ਦੀ ਜਯੰਤੀ ’ਤੇ ਇੱਥੇ ਉਨ੍ਹਾਂ ਦੇ ਬੁੱਤ ’ਤੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਰੋੜਾਂ ਅਨੁਸੂਚਿਤ ਜਨਜਾਤੀ, ਆਦਿਵਾਸੀਆਂ, ਪਿਛੜਿਆਂ ਅਤੇ ਹੋਰ ਅਣਗੌਲਿਆ ਵਰਗ ਨੂੰ ਲਾਚਾਰੀ ਦੀ ਜ਼ਿੰਦਗੀ ’ਚੋਂ ਕੱਢ ਕੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਦੇ ਬਸਪਾ ਦੇ ਸੰਘਰਸ਼ ਦੇ ਦ੍ਰਿੜ ਸੰਕਲਪ ਨਾਲ ਲਗਾਤਾਰ ਡਟੇ ਰਹਿਣਾ ਹੀ ਕਾਂਸ਼ੀਰਾਮ ਨੂੰ ਸੱਚੀ ਸ਼ਰਧਾਂਜਲੀ ਹੈ।

ਮਾਇਆਵਤੀ ਨੇ ਕਿਹਾ, ‘‘ਅਸਲ ’ਚ ਮੌਜੂਦਾ ਸਮੇਂ ’ਚ ਜਾਰੀ ਚਮਚਾ ਯੁੱਗ ’ਚ ਬਾਬਾ ਸਾਹਿਬ ਡਾ. ਅੰਬੇਡਕਰ ਮਿਸ਼ਨ ’ਤੇ ਖੂਨ-ਪਸੀਨੇ ਦੀ ਕਮਾਈ ਦੇ ਬਲ 'ਤੇ ਖੜ੍ਹਾ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈ, ਸਗੋਂ ਇਹ ਬਹੁਤ ਵੱਡੀ ਗੱਲ ਹੈ ਜੋ ਅੰਦੋਲਨ ਦੀ ਉਪਜ ਹੈ। ਇਸ ਬਲ ’ਤੇ ਹੀ ਬਸਪਾ ਨੇ ਖ਼ਾਸ ਕਰ ਕੇ ਉੱਤਰ ਪ੍ਰਦੇਸ਼ ’ਚ ਕਈ ਇਤਿਹਾਸਕ ਸਫ਼ਲਤਾਵਾਂ ਵੀ ਹਾਸਲ ਕੀਤੀਆਂ ਹਨ। ਭਵਿੱਖ ਵਿਚ ਵੀ ਸਾਨੂੰ ਆਪਣੇ ਸਿਧਾਂਤਾਂ ਦੇ ਨਾਲ ਸੰਘਰਸ਼ ’ਚ ਡਟੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਕਾਂਸ਼ੀਰਾਮ ਨੇ ਅੰਬੇਡਕਰ ਦੇ ਸਵੈ-ਮਾਣ ਦੀ ਮਨੁੱਖਤਾ ਪੱਖੀ ਮੁਹਿੰਮ ਨੂੰ ਜਿਊਂਦਾ ਕਰਨ ਲਈ ਸਾਰੀ ਉਮਰ ਸੰਘਰਸ਼ ਕੀਤਾ ਅਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਬਲ 'ਤੇ ਹੀ ਬਸਪਾ ਨੇ ਵੱਡੀ ਕਾਮਯਾਬੀ ਹਾਸਲ ਕਰਕੇ ਦੇਸ਼ ਦੀ ਰਾਜਨੀਤੀ ਨੂੰ ਨਵਾਂ ਮੋੜ ਦਿੱਤਾ ਹੈ।


author

Tanu

Content Editor

Related News