ਹਰਿਆਣਾ ਤੋਂ ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਪਹਿਲੀ ਉਡਾਣ

Thursday, Aug 01, 2024 - 05:26 PM (IST)

ਅੰਬਾਲਾ- ਹਰਿਆਣਾ ਵਾਸੀਆਂ ਲਈ ਖੁਸ਼ਖਬਰੀ ਹੈ। ਹੁਣ ਜਲਦ ਹੀ ਹਰਿਆਣਾ ਦੇ ਅੰਬਾਲਾ ਤੋਂ ਉਡਾਣ ਭਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅੰਬਾਲਾ ਘਰੇਲੂ ਹਵਾਈ ਅੱਡੇ ਤੋਂ 10 ਅਗਸਤ ਤੋਂ ਉਡਾਣਾਂ ਸ਼ੁਰੂ ਹੋਣਗੀਆਂ। ਪਹਿਲੀ ਉਡਾਣ ਅੰਬਾਲਾ ਤੋਂ ਅਯੁੱਧਿਆ ਲਈ ਹੋਵੇਗੀ। ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਅੰਬਾਲਾ ਵਿਚ ਬਣ ਰਹੇ ਹਵਾਈ ਅੱਡੇ ਦੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਵਾਈ ਅੱਡਾ 10 ਅਗਸਤ ਤੋਂ ਚਾਲੂ ਹੋ ਜਾਵੇਗਾ। 

ਹਰਿਆਣਾ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਕਮਲ ਗੁਪਤਾ ਨੇ ਕਿਹਾ ਕਿ ਅੰਬਾਲਾ ਛਾਉਣੀ ਵਿਚ ਘਰੇਲੂ ਹਵਾਈ ਅੱਡੇ ਦਾ ਨਿਰਮਾਣ ਕੰਮ ਚੱਲ ਰਿਹਾ ਹੈ ਅਤੇ ਅਯੁੱਧਿਆ ਲਈ ਪਹਿਲੀ ਉਡਾਣ ਅਗਸਤ ਤੋਂ ਹੀ ਸ਼ੁਰੂ ਹੋਵੇਗੀ। ਮੰਤਰੀ ਗੁਪਤਾ ਨੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਦੇ ਨਾਲ ਬੁੱਧਵਾਰ ਨੂੰ ਅੰਬਾਲਾ ਸਿਵਲ ਐਨਕਲੇਵ ਦੀ ਉਸਾਰੀ ਵਾਲੀ ਥਾਂ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸਬੰਧਤ ਏਜੰਸੀਆਂ ਤੋਂ ਉਸਾਰੀ ਕਾਰਜਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਕਮਲ ਗੁਪਤਾ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਵੀ ਨਿਰੀਖਣ ਕੀਤਾ ਗਿਆ ਸੀ। ਅਸੀਂ ਰਨਵੇ ਬਾਰੇ ਹਵਾਈ ਫ਼ੌਜ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ। ਸਾਡਾ ਇਰਾਦਾ ਹੈ ਕਿ ਜਹਾਜ਼ ਜਲਦੀ ਹੀ ਇੱਥੋਂ ਉਡਾਣ ਭਰਨ। ਪਹਿਲੀ ਉਡਾਣ ਅੰਬਾਲਾ ਤੋਂ ਅਯੁੱਧਿਆ ਲਈ ਹੋਵੇਗੀ ਅਤੇ ਬਾਅਦ ਵਿਚ ਅੰਬਾਲਾ ਤੋਂ ਜੰਮੂ ਅਤੇ ਹੋਰ ਥਾਵਾਂ ਲਈ ਉਡਾਣਾਂ ਚੱਲੇਗੀ। ਅਸੀਂ ਆਉਣ ਵਾਲੇ ਮਹੀਨਿਆਂ ਵਿਚ ਨੈਟਵਰਕ ਦਾ ਵਿਸਥਾਰ ਕਰਾਂਗੇ। ਸਾਰੀਆਂ ਜ਼ਰੂਰੀ ਸੇਵਾਵਾਂ ਨੂੰ 15 ਅਗਸਤ ਤੱਕ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਹੈ।


Tanu

Content Editor

Related News