ਐਮਾਜ਼ੋਨ ਨੂੰ ਮਿਲੀ ਭਾਰਤ ''ਚ ਅਲਕੋਹਲ, ਵਾਈਨ ਤੇ ਬੀਅਰ ਦੀ ਹੋਮ ਡਿਲੀਵਰੀ ਦੀ ਮਨਜ਼ੂਰੀ
Tuesday, Jun 23, 2020 - 01:12 AM (IST)
ਨਵੀਂ ਦਿੱਲੀ - ਲਾਕਡਾਊਨ ਵਿਚ ਕਈ ਲੋਕਾਂ ਨੂੰ ਇਸ ਗੱਲ ਤੋਂ ਸ਼ਿਕਾਇਤ ਸੀ ਕਿ ਸਰਕਾਰ ਨੇ ਉਨ੍ਹਾਂ ਦੇ ਲਈ ਨਾ ਹੀ ਸ਼ਰਾਬ ਦੇ ਠੇਕੇ ਖੁਲਵਾਏ ਅਤੇ ਨਾ ਹੀ ਡਿਲੀਵਰੀ ਦਾ ਕੋਈ ਪ੍ਰਬੰਧ ਕੀਤਾ। ਦਿੱਲੀ ਸਰਕਾਰ ਨੇ ਜਦ ਜਨਤਾ ਅਤੇ ਠੇਕੇ ਦੇ ਮਾਲਕਾਂ ਦੀ ਮੰਗ 'ਤੇ ਇਹ ਸਰਵਿਸ ਖੋਲੀ, ਤਾਂ ਦਿੱਲੀ ਵਾਲਿਆਂ ਨੇ ਕੋਈ ਕਸਰ ਨਾ ਛੱਡੀ, ਹਾਲਾਂਕਿ ਅਨਲਾਕ ਤੋਂ ਬਾਅਦ ਕੁਝ ਰਾਜਾਂ ਵਿਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਲੱਗੀਆਂ, ਫਿਰ ਵੀ ਲਾਈਨ ਵਿਚ ਖੜ੍ਹੇ ਰਹਿਣਾ ਆਪਣੇ ਆਪ ਵਿਚ ਰਿਸਕ ਨਾਲ ਭਰਿਆ ਸੀ।
ਇਸ ਵਿਚਾਲੇ ਇਕ ਖਬਰ ਇਹ ਆਈ ਹੈ ਕਿ ਐਮਾਜ਼ੋਨ ਨੂੰ ਦੇਸ਼ ਦੇ ਰਾਜਾਂ ਵਿਚ ਅਲਕੋਹਲ, ਬੀਅਰ ਅਤੇ ਵਾਈਨ ਦੀ ਡਿਲੀਵਰੀ ਦੀ ਇਜਾਜ਼ਤ ਮਿਲ ਗਈ ਹੈ। ਰਾਇਟਰਸ ਦੀ ਰਿਪੋਰਟ ਮੁਤਾਬਕ, ਐਮਾਜ਼ੋਨ ਇੰਡੀਆ, ਪੱਛਮੀ ਬੰਗਾਲ ਵਿਚ ਸ਼ਰਾਬ ਦੀ ਡਿਲੀਵਰੀ ਕਰ ਸਕੇਗੀ। ਐਮਾਜ਼ੋਨ ਨੂੰ ਇਹ ਇਜਾਜ਼ਤ ਪੱਛਮੀ ਬੰਗਾਲ ਬੇਵਰੇਜ ਕਾਰਪੋਰੇਸ਼ਨ ਵੱਲੋਂ ਮਿਲੀ ਹੈ। ਇਕ ਨੋਟਿਸ ਮੁਤਾਬਕ, ਐਮਾਜ਼ੋਨ ਇੰਡੀਆ ਨੂੰ ਰਾਜ ਸਰਕਾਰ ਵੱਲੋਂ ਇਕ ਮੈਮੋ ਵੀ ਸਾਈਨ ਕਰਨ ਲਈ ਬੁਲਾਇਆ ਗਿਆ ਹੈ। ਉਂਝ ਕਿਹਾ ਜਾ ਰਿਹਾ ਹੈ ਕਿ ਐਮਾਜ਼ੋਨ ਤੋਂ ਇਲਾਵਾ ਇਕ ਹੋਰ ਡਿਲੀਵਰੀ ਕੰਪਨੀ ਨੂੰ ਇਸ ਕੰਮ ਦੇ ਲਈ ਮਨਜ਼ੂਰੀ ਦਿੱਤੀ ਗਈ ਸੀ।
ਫਿਲਹਾਲ, ਐਮਾਜ਼ੋਨ ਦਾ ਹੀ ਨਾਂ ਸਾਹਮਣੇ ਆਇਆ ਹੈ। ਫੂਡ ਆਡਰਿੰਗ ਪਲੇਟਫਾਰਮ ਜ਼ੋਮੈਟੋ ਅਤੇ ਸਵੀਗੀ ਨੇ ਪਹਿਲਾਂ ਹੀ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਪੱਛਮੀ ਬੰਗਾਲ ਵਿਚ ਕੋਲਕਾਤਾ ਅਤੇ ਸਿਲੀਗੁੜੀ ਵਿਚ ਅਲਕੋਹਲ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। ਖੁਦਰਾ ਵਿਕਰੇਤਾ ਸਪੈਂਸਰ ਅਤੇ ਹਿੱਪਬਰ ਵੀ ਇਸ ਖੇਤਰ ਵਿਚ ਉਤਰੇ ਹਨ। ਖਾਸ ਕਰਕੇ ਲਾਕਡਾਊਨ ਦੇ ਸਮੇਂ ਜਦ ਬਾਹਰ ਨਾ ਨਿਕਲ ਪਾਉਣ ਕਾਰਨ ਸ਼ਰਾਬ ਦੀ ਮੰਗ ਵਧੀ ਸੀ। ਐਮਾਜ਼ੋਨ ਦੀ ਇਹ ਡਿਲੀਵਰੀ ਸਰਵਿਸ ਬਾਕੀ ਰਾਜਾਂ ਤੱਕ ਪਹੁੰਚਾਉਣ ਦੀ ਕੋਈ ਖਬਰ ਨਹੀਂ ਆਈ ਹੈ ਕਿਉਂਕਿ ਹਰ ਰਾਜ ਦੇ ਆਪਣੇ ਨਿਯਮ-ਕਾਨੂੰਨ ਹਨ।