ਐਮੇਜ਼ੋਨ-ਫਿਲਿਪਕਾਰਟ ਨੂੰ ਆਪਣੀ ਪੈਕੇਜਿੰਗ ਦਾ ਪਲਾਸਟਿਕ ਕਚਰਾ ਲੈਣਾ ਪਏਗਾ ਵਾਪਸ

01/29/2020 12:55:56 AM

ਨਵੀਂ ਦਿੱਲੀ – ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਮੰਗਲਵਾਰ ਐੱਨ. ਜੀ. ਟੀ. ਨੂੰ ਕਿਹਾ ਕਿ ਈ-ਕਾਮਰਸ ਕੰਪਨੀਆਂ ਐਮੇਜ਼ੋਨ ਅਤੇ ਫਿਲਿਪਕਾਰਟ ਨੂੰ ਪਲਾਸਟਿਕ ਕਚਰਾ ਪ੍ਰਬੰਧਕ ਨਿਯਮ 2016 ਅਧੀਨ ਆਪਣੀ ਵਿਸਥਾਰਿਤ ਉਤਪਾਦਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਹੋਵੇਗਾ। ਨਾਲ ਹੀ ਵਸਤਾਂ ਦੀ ਪੈਕੇਜਿੰਗ ਕਾਰਣ ਨਿਕਲੇ ਪਲਾਸਟਿਕ ਦੇ ਕਚਰੇ ਨੂੰ ਵਾਪਸ ਲੈਣ ਦੀ ਪ੍ਰਣਾਲੀ ਬਣਾਉਣੀ ਹੋਵੇਗੀ।
ਸੀ. ਪੀ. ਸੀ. ਬੀ. ਨੇ ਐੱਨ. ਜੀ. ਟੀ. ਨੂੰ ਕਿਹਾ ਕਿ ਪਲਾਸਟਿਕ ਕਚਰਾ ਪ੍ਰਬੰਧਨ ਨਿਯਮ 2016 ਦੀ ਵਿਵਸਥਾ 9 (2) ਮੁਤਾਬਕ ਕਈ ਪਰਤਾਂ ਵਾਲੇ ਵਰਤੇ ਜਾ ਚੁੱਕੇ ਪਲਾਸਟਿਕ ਦੇ ਸ਼ੈਸ਼ੇ ਜਾਂ ਪਾਊਚਾਂ ਜਾਂ ਪੈਕੇਜਿੰਗ ਨੂੰ ਇਕੱਠਾ ਕਰਨ ਦੀ ਪਹਿਲੀ ਜ਼ਿੰਮੇਵਾਰੀ ਉਤਪਾਦਕਾਂ, ਦਰਾਮਦਕਾਰਾਂ ਅਤੇ ਬ੍ਰਾਂਡ ਮਾਲਕਾਂ ਦੀ ਹੈ, ਜੋ ਬਾਜ਼ਾਰ ਵਿਚ ਵਸਤਾਂ ਭੇਜਦੇ ਹਨ। ਐਮੇਜ਼ੋਨ ਅਤੇ ਫਿਲਿਪਕਾਰਟ ਹੋਰਨਾਂ ਕੰਪਨੀਆਂ ਦੀਆਂ ਵਸਤਾਂ ਦੀ ਪੈਕੇਜਿੰਗ ਕਾਰਣ ਪਲਾਸਟਿਕ ਦੇ ਬਾਜ਼ਾਰ ਵਿਚ ਆਉਣ ਲਈ ਜ਼ਿੰਮੇਵਾਰ ਹੈ।
ਇਹ ਟਿੱਪਣੀ 16 ਸਾਲ ਦੇ ਇਕ ਮੁੰਡੇ ਦੀ ਇਕ ਪਟੀਸ਼ਨ ’ਤੇ ਆਈ ਹੈ, ਜਿਸ ਨੇ ਟ੍ਰਿਬਿਊਨਲ ਕੋਲੋਂ ਈ-ਕਾਮਰਸ ਕੰਪਨੀਆਂ ਐਮੇਜ਼ੋਨ ਅਤੇ ਫਿਲਿਪਕਾਰਟ ਨੂੰ ਉਨ੍ਹਾਂ ਦੀ ਪੈਕੇਜਿੰਗ ਵਿਚ ਵੱਧ ਤੋਂ ਵੱਧ ਪਲਾਸਟਿਕ ਦੀ ਵਰਤੋਂ ਰੋਕਣ ਦੀ ਮੰਗ ਕੀਤੀ ਸੀ। ਆਦਿਤਿਆ ਦੁਬੇ ਨਾਮੀ ਉਕਤ ਮੁੰਡੇ ਨੇ ਆਪਣੇ ਕਾਨੂੰਨੀ ਸਰਪ੍ਰਸਤ ਰਾਹੀਂ ਐੱਨ. ਜੀ. ਟੀ. ਨੂੰ ਬੇਨਤੀ ਕੀਤੀ ਕਿ ਐਮੇਜ਼ੋਨ ਅਤੇ ਫਿਲਿਪਕਾਰਟ ਨੂੰ ਵਸਤਾਂ ਦੀ ਪੈਕੇਜਿੰਗ ਵਿਚ ਪਲਾਸਟਿਕ ਦੀ ਵੱਧ ਤੋਂ ਵੱਧ ਵਰਤੋਂ ਰੋਕਣ ਦੇ ਨਿਰਦੇਸ਼ ਦਿੱਤੇ ਜਾਣ।


Related News