1 ਜੁਲਾਈ ਤੋਂ ਅਮਰਨਾਥ ਯਾਤਰਾ ਸ਼ੁਰੂ, ਸਜਣ ਲੱਗਾ ਸ਼ਰਧਾਲੂਆਂ ਲਈ ਪਹਿਲਾ ਬੇਸ ਕੈਂਪ

Tuesday, May 28, 2019 - 01:45 AM (IST)

1 ਜੁਲਾਈ ਤੋਂ ਅਮਰਨਾਥ ਯਾਤਰਾ ਸ਼ੁਰੂ, ਸਜਣ ਲੱਗਾ ਸ਼ਰਧਾਲੂਆਂ ਲਈ ਪਹਿਲਾ ਬੇਸ ਕੈਂਪ

ਜੰਮੂ, (ਕਮਲ)— ਇਕ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਸਾਲਾਨਾ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਤੀਰਥ ਯਾਤਰੀਆਂ ਲਈ ਯਾਤਰੀ ਨਿਵਾਸ ਨੂੰ ਸਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਭਗਵਤੀ ਨਗਰ ਜੰਮੂ ਵਿਚ ਸਥਿਤ ਯਾਤਰੀ ਨਿਵਾਸ ਅਮਰਨਾਥ ਯਾਤਰਾ ਦਾ ਪਹਿਲਾ ਪੜਾਅ ਹੈ। ਹਰ ਸਾਲ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ ਸਥਿਤ ਬੇਸ ਕੈਂਪ ਯਾਤਰੀ ਨਿਵਾਸ ਤੋਂ ਜਥੇ ਨੂੰ ਇਕ ਦਿਨ ਪਹਿਲਾਂ ਦੱਖਣੀ ਕਸ਼ਮੀਰ ਦੇ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪਾਂ ਲਈ ਰਵਾਨਾ ਕੀਤਾ ਜਾਂਦਾ ਹੈ। ਇਸ ਸਾਲ ਵੀ ਯਾਤਰਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਹੀ ਯਾਤਰੀ ਨਿਵਾਸ ਤੋਂ ਯਾਤਰੀਆਂ ਦੇ ਕਾਫਿਲੇ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਗੇ ਭੇਜਿਆ ਜਾਵੇਗਾ। ਯਾਤਰੀ ਨਿਵਾਸ ਵਿਚ ਰਜਿਸਟਰਡ ਤੀਰਥ ਯਾਤਰੀਆਂ ਨੂੰ ਇਕ ਜਗ੍ਹਾ 'ਤੇ ਇਕੱਠੇ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਜੰਮੂ ਦੀਆਂ ਕਈ ਥਾਵਾਂ 'ਤੇ ਉਨ੍ਹਾਂ ਲਈ ਰਜਿਸਟ੍ਰੇਸ਼ਨ ਕੇਂਦਰ ਖੋਲ੍ਹੇ ਜਾਂਦੇ ਹਨ, ਜਿਨ੍ਹਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਨਾ ਕਰਵਾਈ ਹੋਵੇ। ਯਾਤਰੀ ਨਿਵਾਸ ਵਿਚ 4-5 ਵੱਡੇ-ਵੱਡੇ ਏ. ਸੀ. ਹਾਲ ਹਨ, ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਦੇ ਠਹਿਰਣ ਦੀ ਵਿਵਸਥਾ ਹੈ। ਕਸ਼ਮੀਰ ਵਿਚ ਖਰਾਬ ਮੌਸਮ ਕਾਰਨ ਰਸਤਾ ਬੰਦ ਹੋਣ ਅਤੇ ਕਿਸੇ ਹੋਰ ਕਾਰਨਾਂ ਕਰ ਕੇ ਜਦੋਂ ਰਸਤਾ ਬੰਦ ਹੁੰਦਾ ਹੈ ਤਾਂ ਕਾਫਿਲੇ ਨੂੰ ਉਦੋਂ ਤੱਕ ਯਾਤਰੀ ਨਿਵਾਸ 'ਚ ਰੋਕਿਆ ਜਾਂਦਾ ਹੈ, ਜਦੋਂ ਤੱਕ ਰਸਤਾ ਖੁੱਲ੍ਹ ਨਾ ਜਾਏ।
ਜ਼ਿਕਰਯੋਗ ਹੈ ਕਿ ਯਾਤਰੀ ਨਿਵਾਸ ਜੰਮੂ ਵਿਚ ਸਿਰਫ ਰਜਿਸਟਰਡ ਯਾਤਰੀਆਂ ਨੂੰ ਹੀ ਠਹਿਰਾਉਣ ਦੀ ਵਿਵਸਥਾ ਕੀਤੀ ਜਾਂਦੀ ਹੈ। ਯਾਤਰੀ ਨਿਵਾਸ ਦੇ ਚਾਰੇ ਪਾਸੇ ਸੀ. ਆਰ. ਪੀ. ਐੱਫ. ਦਾ 3-ਟੀਅਰ ਸੁਰੱਖਿਆ ਘੇਰਾ ਰਹਿੰਦਾ ਹੈ, ਜਿਸ ਨਾਲ ਯਾਤਰੀਆਂ ਨੂੰ ਪੂਰਨ ਸੁਰੱਖਿਆ ਮਿਲਦੀ ਹੈ। ਯਾਤਰੀ ਨਿਵਾਸ ਵਿਚ ਹੀ ਯਾਤਰਾ ਲਈ ਐੱਸ. ਆਰ. ਟੀ. ਸੀ. ਦਾ ਬੱਸ ਟਿਕਟ ਸੈਂਟਰ ਅਤੇ ਮੈਡੀਕਲ ਸਹੂਲਤ ਲਈ ਸੂਬਾ ਸਰਕਾਰ ਅਤੇ ਸੀ. ਆਰ. ਪੀ. ਐੱਫ. ਵਲੋਂ ਹਰ ਸਾਲ ਮੈਡੀਕਲ ਕੈਂਪ ਲਾਏ ਜਾਂਦੇ ਹਨ।


author

KamalJeet Singh

Content Editor

Related News