''ਬਮ ਬਮ ਭੋਲੇ'' ਦੇ ਜੈਕਾਰਿਆਂ ਨਾਲ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦਾ ਨਵਾਂ ਜੱਥਾ ਰਵਾਨਾ
Wednesday, Jul 10, 2019 - 01:22 PM (IST)

ਜੰਮੂ (ਵਾਰਤਾ)— ਜੰਮੂ-ਕਸ਼ਮੀਰ 'ਚ 5,273 ਤੀਰਥ ਯਾਤਰੀਆਂ ਦਾ ਨਵਾਂ ਜੱਥਾ ਬਾਰਿਸ਼ ਦਰਮਿਆਨ 'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ ਬੁੱਧਵਾਰ ਸਵੇਰੇ ਸਖਤ ਸੁਰੱਖਿਆ ਦਰਮਿਆਨ ਪਵਿੱਤਰ ਅਮਰਨਾਥ ਗੁਫਾ ਸਥਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਤੀਰਥ ਯਾਤਰੀਆਂ ਦਾ 226 ਵਾਹਨਾਂ ਦਾ ਕਾਫਿਲਾ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੀ ਸਖਤ ਸੁਰੱਖਿਆ ਦਰਮਿਆਨ ਭਗਵਤੀ ਨਗਰ ਸਥਿਤ ਆਧਾਰ ਕੈਂਪ ਤੋਂ ਰਵਾਨਾ ਹੋਇਆ। ਇਕ ਯਾਤਰਾ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ 2,805 ਪੁਰਸ਼, 492 ਮਹਿਲਾਵਾਂ, 11 ਬੱਚੇ ਅਤੇ 188 ਸਾਧੂ 138 ਵਾਹਨਾਂ 'ਚ ਪਹਿਲਗਾਮ ਮਾਰਗ ਲਈ ਰਵਾਨਾ ਹੋਏ, ਜਦਕਿ 1,281 ਪੁਰਸ਼, 481 ਮਹਿਲਾਵਾਂ ਅਤੇ 15 ਬੱਚੇ ਬਾਲਟਾਲ ਮਾਰਗ ਲਈ ਬੱਸਾਂ ਅਤੇ ਹੋਰ ਛੋਟੇ ਵਾਹਨਾਂ ਸਮੇਤ ਕੁੱਲ 88 ਵਾਹਨਾਂ ਵਿਚ ਰਵਾਨਾ ਹੋਏ।
ਆਧਾਰ ਕੈਂਪ ਤੋਂ ਕੁੱਲ 226 ਵਾਹਨ ਰਵਾਨਾ ਹੋਏ, ਜਿਸ 'ਚ 84 ਭਾਰੀ ਮੋਟਰ ਵਾਹਨ ਅਤੇ 142 ਹਲਕੇ ਮੋਟਰ ਵਾਹਨ ਸ਼ਾਮਲ ਹਨ। ਇੱਥੇ ਦੱਸ ਦੇਈਏ ਕਿ ਹਿਜ਼ਬੁੱਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ਦੇ ਮੱਦੇਨਜ਼ਰ ਸੋਮਵਾਰ ਨੂੰ ਕਸ਼ਮੀਰ ਘਾਟੀ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਕਾਰਨ ਅਮਰਨਾਥ ਯਾਤਰਾ ਵੀ ਰੋਕਣੀ ਪਈ ਸੀ। ਦੱਸਣਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਲਈ ਹੁਣ ਤਕ 1 ਲੱਖ ਤੋਂ ਵਧੇਰੇ ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਹ ਯਾਤਰਾ 15 ਅਗਸਤ ਯਾਨੀ ਕਿ ਰੱਖੜ ਪੁੰਨਿਆ ਵਾਲੇ ਦਿਨ ਤਕ ਚਲੇਗੀ।