'ਬਾਬਾ ਬਰਫਾਨੀ' ਦੇ ਦਰਸ਼ਨਾਂ ਲਈ ਪਹਿਲੇ ਜੱਥੇ ਨੇ ਸ਼ੁਰੂ ਕੀਤੀ ਚੜ੍ਹਾਈ

Monday, Jul 01, 2019 - 11:51 AM (IST)

'ਬਾਬਾ ਬਰਫਾਨੀ' ਦੇ ਦਰਸ਼ਨਾਂ ਲਈ ਪਹਿਲੇ ਜੱਥੇ ਨੇ ਸ਼ੁਰੂ ਕੀਤੀ ਚੜ੍ਹਾਈ

ਜੰਮੂ/ਲੁਧਿਆਣਾ (ਨਰਿੰਦਰ) : ਹਿੰਦੂ ਧਰਮ ਦੀਆਂ ਸਭ ਤੋਂ ਪਵਿੱਤਰ ਯਾਤਰਾਵਾਂ 'ਚੋਂ ਇਕ ਸ੍ਰੀ ਅਮਰਨਾਥ ਦੀ ਯਾਤਰਾ ਸੋਮਵਾਰ ਮਤਲਬ ਕਿ ਇਕ ਜੁਲਾਈ ਤੋਂ ਸ਼ੁਰੂ ਹੋ ਗਈ ਹੈ, ਜਿਸ ਨੂੰ ਮੁੱਖ ਰੱਖਦਿਆਂ ਐਤਵਾਰ ਨੂੰ ਜੰਮੂ ਤੋਂ ਰਵਾਨਾ ਹੋਇਆ ਪਹਿਲਾ ਜੱਥਾ ਪਹਿਲਗਾਮ ਤੇ ਬਾਲਟਾਲ ਬੇਸ ਕੈਂਪ ਪਹੁੰਚ ਗਿਆ ਹੈ। ਇਸ ਜੱਥੇ ਨੇ ਸੋਮਵਾਰ ਸਵੇਰੇ ਬਾਲਟਾਲ ਤੋਂ ਪਵਿੱਤਰ ਗੁਫਾ ਲਈ ਚੜ੍ਹਾਈ ਸ਼ੁਰੂ ਕਰ ਦਿੱਤੀ ਹੈ। 
ਸੋਮਵਾਰ ਨੂੰ ਸਖਤ ਸੁਰੱਖਿਆ ਵਿਚਕਾਰ 7500 ਤੋਂ ਜ਼ਿਆਦਾ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਲਈ ਰਵਾਨਾ ਹੋ ਗਏ। ਇਕ ਅਧਿਕਾਰੀ ਮੁਤਾਬਕ ਸੋਮਵਾਰ ਨੂੰ 31 ਬੱਚਿਆਂ ਤੋਂ ਇਲਾਵਾ 3543 ਪੁਰਸ਼ ਅਤੇ 843 ਔਰਤਾਂ ਦਾ ਜੱਥਾ ਭਗਵਤੀ ਨਗਰ ਯਾਤਰਾ ਨਿਵਾਸ ਤੋਂ 142 ਵਾਹਨਾਂ ਦੇ ਕਾਫਲੇ ਨਾਲ ਰਵਾਨਾ ਹੋਇਆ। ਇਨ੍ਹਾਂ 'ਚੋਂ 1617 ਸ਼ਰਧਾਲੂ ਬਾਲਟਾਲ ਆਧਾਰ ਕੈਂਪ ਅਤੇ 2800 ਪਹਿਲਗਾਮ ਆਧਾਰ ਕੈਂਪ ਪੁੱਜਣਗੇ। 
ਯਾਤਰੀਆਂ ਦੀ ਸੁਰੱਖਿਆ ਵਿਵਸਥਾ ਨੂੰ ਪੂਰੀ ਤਰ੍ਹਾਂ ਧਿਆਨ 'ਚ ਰੱਖਿਆ ਗਿਆ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਖਤਰਾ ਪੈਦਾ ਨਾ ਹੋ ਸਕੇ। ਇਸ ਦੇ ਲਈ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੇ ਮਿਲ ਕੇ ਜ਼ਬਰਦਸਤ ਇੰਤਜ਼ਾਮ ਕੀਤੇ ਹੋਏ ਹਨ। ਚੱਪੇ-ਚੱਪੇ 'ਤੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਦੀ ਮਦਦ ਲਈ ਥਾਂ-ਥਾਂ ਡਰੋਨ ਕੈਮਰੇ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਯਾਤਰਾ 15 ਅਗਸਤ ਤੱਕ ਚੱਲੇਗੀ।
ਇਸ ਵਾਰ ਅਮਰਨਾਥ ਯਾਤਰਾ 'ਤੇ ਅੱਤਵਾਦੀ ਖਤਰੇ ਦੀ ਵੀ ਸਾਜਿਸ਼ ਹੈ, ਜਿਸ ਨੂੰ ਨਾਕਾਮ ਕਰਨ ਲਈ ਚੱਪੇ-ਚੱਪੇ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਅਗਲੇ ਡੇਢ ਮਹੀਨੇ ਤੱਕ ਚੱਲਣ ਵਾਲੀ ਯਾਤਰਾ 'ਚ ਹਰ ਰੋਜ਼ ਭਗਤਾਂ ਦੀ ਟੋਲੀ ਇਸੇ ਤਰ੍ਹਾਂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਸਾਢੇ 13 ਹਜ਼ਾਰ ਫੁੱਟ ਦੀ ਉਚਾਈ 'ਤੇ ਪੁੱਜੇਗੀ। ਇਸ ਲਈ ਹੁਣ ਤੱਕ ਕੁੱਲ ਡੇਢ ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।


author

Babita

Content Editor

Related News