ਅਮਰਨਾਥ ਯਾਤਰਾ ਲਈ 2 ਲੱਖ ਤੋਂ ਵੱਧ ਯਾਤਰੀਆਂ ਨੇ ਕਰਵਾਇਆ ਪੰਜੀਕਰਨ
Tuesday, Jun 26, 2018 - 09:55 PM (IST)

ਸ਼੍ਰੀਨਗਰ— ਦੱਖਣੀ ਕਸ਼ਮੀਰ ਦੀ ਪਵਿੱਤਰ ਗੁਫਾ ਦੇ ਦਰਸ਼ਨ ਵਾਸਤੇ ਸਲਾਨਾ ਯਾਤਰਾ ਲਈ 2 ਲੱਖ ਤੋਂ ਜ਼ਿਆਦਾ ਤੀਰਥ ਯਾਤਰੀਆਂ ਨੇ ਪੰਜੀਕਰਨ ਕਰਾਇਆ ਹੈ। ਇਹ ਯਾਤਰਾ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਦੇ ਸੁਰੱਖਿਆ ਇੰਤਜ਼ਾਮਾਂ ਦੀ ਸਮੀਖਿਆ ਨੂੰ ਲੈ ਕੇ ਇਥੇ ਹੋਈ ਬੈਠਕ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ 2,11,994 ਤੀਰਥ ਯਾਤਰੀਆਂ ਨੇ ਯਾਤਰਾ ਲਈ ਨਿਰਧਾਰਤ ਬੈਂਕ ਸ਼ਾਖਾਵਾਂ, ਸਮੂਹ ਪੰਜੀਕਰਨ ਸੁਵਿਧਾ ਅਤੇ ਹੈਲੀਕਾਪਟਰ ਟਿਕਟ ਜ਼ਰੀਏ ਆਪਣਾ ਅਗਾਊ ਪੰਜੀਕਰਨ ਕਰਾਇਆ ਹੈ। ਇਸ ਬੈਠਕ ਦੀ ਅਗਵਾਈ ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ. ਐੱਸ. ਵੋਹਰਾ ਨੇ ਕੀਤੀ ਸੀ। ਬੁਲਾਰੇ ਨੇ ਦੱਸਿਆ ਕਿ ਯਾਤਰਾ ਦੇ ਪੰਜੀਕਰਨ ਦੀ ਪ੍ਰਕਿਰਿਆ ਇਸ ਸਾਲ ਇਕ ਮਾਰਚ ਤੋਂ ਸ਼ੁਰੂ ਹੋਈ ਸੀ। ਪੰਜੀਕਰਨ 32 ਸੂਬਿਆਂ ਅਤੇ ਕੇਂਦਰਸ਼ਾਸਤ ਪ੍ਰਦੇਸ਼ਾਂ 'ਚ ਪੰਜਾਬ ਨੈਸ਼ਨਲ ਬੈਂਕ, ਜੇ. ਐਂਡ. ਕੇ ਬੈਂਕ ਅਤੇ ਯਸ ਬੈਂਕ ਦੀਆਂ 440 ਨਿਰਧਾਰਿਤ ਸ਼ਾਖਾਵਾਂ 'ਚ ਕਰਾਇਆ ਜਾ ਸਕਦਾ ਹੈ। 40 ਦਿਨ ਚੱਲਣ ਵਾਲੀ ਇਹ ਯਾਤਰਾ 26 ਅਗਸਤ ਨੂੰ ਖਤਮ ਹੋਵੇਗੀ।