ਅਮਰਨਾਥ ਯਾਤਰਾ ਲਈ 1795 ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਜੰਮੂ ਤੋਂ ਰਵਾਨਾ, ਲਾਏ "ਬਮ ਬਮ ਭੋਲੇ" ਦੇ ਜੈਕਾਰੇ
Thursday, Jul 30, 2026 - 02:59 PM (IST)
ਜੰਮੂ : ਦੱਖਣੀ ਕਸ਼ਮੀਰ ਦੇ ਹਿਮਾਲਿਆਈ ਖੇਤਰ ਵਿਚ 3880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਤੀਰਥ ਲਈ ਵੀਰਵਾਰ ਸਵੇਰੇ 1700 ਤੋਂ ਵੱਧ ਸ਼ਰਧਾਲੂਆਂ ਦਾ ਇਕ ਹੋਰ ਨਵਾਂ ਜਥਾ ਜੰਮੂ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਹੇਠ ਰਵਾਨਾ ਹੋਇਆ। ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 4.40 ਲੱਖ ਤੋਂ ਵੱਧ ਸ਼ਰਧਾਲੂ ਭਗਵਾਨ ਸ਼ਿਵ ਦੇ ਬਰਫ਼ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕਰ ਚੁੱਕੇ ਹਨ।
ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ 23ਵੇਂ ਜੱਥੇ ਵਿਚ ਕੁੱਲ 1795 ਸ਼ਰਧਾਲੂ ਹਨ, ਜਿਨ੍ਹਾਂ ਵਿੱਚ 1,406 ਪੁਰਸ਼ ਅਤੇ 389 ਔਰਤਾਂ ਸ਼ਾਮਲ ਹਨ। ਇਹ ਜਥਾ 82 ਵਾਹਨਾਂ 'ਤੇ ਸਵਾਰ ਹੋ ਕੇ ਭਗਵਤੀ ਨਗਰ ਬੇਸ ਕੈਂਪ ਤੋਂ ਬਾਲਟਾਲ ਲਈ ਸਵੇਰੇ ਲਗਭਗ 2.50 ਵਜੇ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੇ ਜਥੇ ਦੇ ਰਵਾਨਾ ਹੋਣ ਨਾਲ ਹੀ ਇਸ ਸਾਲ ਅਮਰਨਾਥ ਯਾਤਰਾ ਲਈ ਜੰਮੂ ਬੇਸ ਕੈਂਪ ਤੋਂ ਰਵਾਨਾ ਹੋਣ ਵਾਲੇ ਸ਼ਰਧਾਲੂਆਂ ਦੀ ਕੁੱਲ ਗਿਣਤੀ 1,32,150 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇਸ ਸਾਲ ਯਾਤਰਾ ਲਈ ਹੁਣ ਤੱਕ ਦਾ ਸਭ ਤੋਂ ਛੋਟਾ ਜੱਥਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ 2,051, ਮੰਗਲਵਾਰ ਨੂੰ 3,029 ਅਤੇ ਸੋਮਵਾਰ ਨੂੰ 3,800 ਸ਼ਰਧਾਲੂ ਜੰਮੂ ਤੋਂ ਅਮਰਨਾਥ ਗੁਫਾ ਤੀਰਥ ਲਈ ਰਵਾਨਾ ਹੋਏ। ਸਾਲਾਨਾ ਅਮਰਨਾਥ ਯਾਤਰਾ, ਜੋ ਕੁੱਲ 57 ਦਿਨਾਂ ਤੱਕ ਚੱਲਦੀ ਹੈ, 28 ਅਗਸਤ ਨੂੰ ਸਮਾਪਤ ਹੋਵੇਗੀ। ਖ਼ਰਾਬ ਮੌਸਮ ਕਾਰਨ 19 ਜੁਲਾਈ ਤੋਂ 24 ਜੁਲਾਈ ਤੱਕ ਛੇ ਦਿਨਾਂ ਲਈ ਮੁਲਤਵੀ ਕੀਤੀ ਗਈ ਯਾਤਰਾ 25 ਜੁਲਾਈ ਨੂੰ ਮੁੜ ਸ਼ੁਰੂ ਹੋਈ।
