ਜੰਮੂ-ਕਸ਼ਮੀਰ ਪੁਲਸ ਲੁਕੇ ਅੱਤਵਾਦੀਆਂ ਨੂੰ ਲੱਭ ਕੇ ਖ਼ਤਮ ਕਰੇਗੀ ਜੰਮੂ ਪੁਲਸ, ‘ਨਾਰਕੋ-ਟੈਰਰ’ ’ਤੇ ਕੱਸੇਗੀ ਸ਼ਿਕੰਜਾ
Thursday, Oct 22, 2026 - 05:33 PM (IST)
ਨੈਸ਼ਨਲ ਡੈਸਕ- ਜੰਮੂ ਖੇਤਰ ਦੇ ਇੰਸਪੈਕਟਰ ਜਨਰਲ ਆਫ ਪੁਲਸ (ਆਈ. ਜੀ. ਪੀ.) ਤੇਜਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਪੁਲਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਅਮਨ-ਸ਼ਾਂਤੀ ਬਣਾਏ ਰੱਖਣ ਲਈ ‘ਨਾਰਕੋ-ਟੈਰਰਿਜ਼ਮ’ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਕਾਰਵਾਈ ਤੇਜ਼ ਕਰਦੇ ਹੋਏ ਅੱਤਵਾਦ ਦੇ ਨੈੱਟਵਰਕ ਅਤੇ ਲੁਕੇ ਹੋਏ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਅੱਤਵਾਦੀ ਸੰਗਠਨਾਂ ਵਿਚ ਭਰਤੀ ਵਿਚ ਕਮੀ ਆਈ ਹੈ ਅਤੇ ਜੰਮੂ-ਕਸ਼ਮੀਰ ਵਿਚ ਸੁਰੱਖਿਆ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਜਾਰੀ ਰਹਿਣਗੇ। ਇੰਸਪੈਕਟਰ ਜਨਰਲ ਆਫ ਪੁਲਸ ਨੇ ਇੱਥੇ ਪੁਲਸ ਸ਼ਹੀਦੀ ਦਿਵਸ ’ਤੇ ਆਯੋਜਿਤ ਇਕ ਪ੍ਰੋਗਰਾਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਾਡੇ ਯਤਨ ਅੱਤਵਾਦ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਉਣ ਅਤੇ ਲੁਕੇ ਹੋਏ ਅੱਤਵਾਦੀਆਂ ਨੂੰ ਲੱਭ ਕੇ ਉਨ੍ਹਾਂ ਦੇ ਖਾਤਮੇ ’ਤੇ ਕੇਂਦਰਿਤ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸ਼ਾਂਤੀ ਅਤੇ ਸਦਭਾਵਨਾ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਖੇਤਰ ਵਿਚ ਅਮਨ-ਸ਼ਾਂਤੀ ਬਣਾਏ ਰੱਖਣ ਲਈ ਪੁਲਸ ਸੁਰੱਖਿਆ ਗ੍ਰਿਡ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਨਸ਼ੀਲੇ ਪਦਾਰਥਾਂ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰੇਗੀ।
