ਅਮਰਨਾਥ ਗੁਫ਼ਾ ਨੇੜੇ ਤਬਾਹੀ; ਫ਼ੌਜ ਦਾ ‘ਆਪ੍ਰੇਸ਼ਨ ਜ਼ਿੰਦਗੀ’ ਰੈਸਕਿਊ ਜਾਰੀ, ਕਈ ਲੋਕ ਅਜੇ ਵੀ ਲਾਪਤਾ
Sunday, Jul 10, 2022 - 12:10 PM (IST)
ਜੰਮੂ– ਜੰਮੂ-ਕਸ਼ਮੀਰ ’ਚ ਅਮਰਨਾਥ ਦੀ ਪਵਿੱਤਰ ਗੁਫਾ ਨੇੜੇ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ। ਜਦਕਿ ਫਸੇ 15,000 ਤੀਰਥ ਯਾਤਰੀਆਂ ਨੂੰ ਹੇਠਲੇ ਆਧਾਰ ਕੈਂਪ ਪੰਜਤਰਣੀ ਟਰਾਂਸਫਰ ਕੀਤਾ ਗਿਆ ਹੈ। ਟੈਂਟਾਂ ਸਮੇਤ ਲਾਪਤਾ ਹੋਏ ਲੋਕਾਂ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 40 ਲੋਕ ਅਜੇ ਵੀ ਲਾਪਤਾ ਹਨ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ 25 ਜ਼ਖਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਕਈ ਲੋਕਾਂ ਦੇ ਅਜੇ ਵੀ ਮਲਬੇ ’ਚ ਦੱਬੇ ਹੋਣ ਦਾ ਖ਼ਦਸ਼ਾ ਹੈ।
ਇਹ ਵੀ ਪੜ੍ਹੋ- ਅਮਰਨਾਥ ’ਚ ਬੱਦਲ ਫਟਣ ਮਗਰੋਂ ਤਬਾਹੀ ਦੀਆਂ ਤਸਵੀਰਾਂ, ਟੈਂਟਾਂ ਸਮੇਤ ਵਹਿ ਗਏ ਕਈ ਲੋਕ
ਆਪ੍ਰੇਸ਼ਨ ਜ਼ਿੰਦਗੀ ’ਚ ਜੁਟੀ ਫ਼ੌਜ
ਅਮਰਨਾਥ ਆਪ੍ਰੇਸ਼ਨ ’ਚ ਫ਼ੌਜ, ਹਵਾਈ ਫ਼ੌਜ, NDRF, BSF, CRPF ਅਤੇ ITBP ਦੇ ਜਵਾਨ ਜੁਟੇ ਹੋਏ ਹਨ। ਫ਼ੌਜ ਦੇ ਇਕ ਅਧਿਕਾਰੀ ਮੁਤਾਬਕ ਬਚਾਅ ਦਲ ਅਤੇ ਖੋਜੀ ਕੁੱਤੇ ਨੂੰ ਖੋਜ ਅਤੇ ਬਚਾਅ ਮੁਹਿੰਮ ’ਚ ਲਿਆਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਸਵੇਰੇ ਹਵਾਈ ਬਚਾਅ ਮੁਹਿੰਮ ਸ਼ੁਰੂ ਹੋਈ ਅਤੇ ਫ਼ੌਜ ਦੇ ਹੈਲੀਕਾਪਟਰ ਤੋਂ 6 ਤੀਰਥ ਯਾਤਰੀਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਅਸਥਾਈ ਤੌਰ ’ਤੇ ਮੁਲਤਵੀ, ਬੱਦਲ ਫਟਣ ਦੀ ਘਟਨਾ ’ਚ 15 ਲੋਕਾਂ ਦੀ ਮੌਤ
ਓਧਰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬਚਾਅ ਕੰਮਾਂ ਲਈ ਉੱਨਤ ਹਲਕੇ ਹੈਲੀਕਾਪਟਰ ਵੀ ਤਾਇਨਾਤ ਕੀਤੇ ਹਨ। ਦਿੱਲੀ ’ਚ ਸਰਹੱਦ ਸੁਰੱਖਿਆ ਫੋਰਸ ਦੇ ਇਕ ਅਧਿਕਾਰੀ ਨੇ ਕਿਹਾ ਕਿ 16 ਲਾਸ਼ਾਂ ਨੂੰ ਬਾਲਟਾਲ ਲਿਜਾਇਆ ਗਿਆ ਹੈ।
ਅਜੇ ਮੁਲਤਵੀ ਰਹੇਗੀ ਯਾਤਰਾ
ਜੰਮੂ-ਕਸ਼ਮੀਰ ਪੁਲਸ ਦੇ ਵਧੀਕ ਡਾਇਰੈਕਟਰ ਜਨਰਲ ਅਤੇ ਕਸ਼ਮੀਰ ਰੇਂਜ ਦੇ ਇੰਚਾਰਜ ਵਿਜੇ ਕੁਮਾਰ ਸ਼ਨੀਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ ਵਲੋਂ ਚਲਾਏ ਜਾ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਲਈ ਪਵਿੱਤਰ ਗੁਫਾ ਅਸਥਾਨ ਪਹੁੰਚੇ। ਉਨ੍ਹਾਂ ਕਿਹਾ ਕਿ ਬਚਾਅ ਕਰਮਚਾਰੀ ਜਿਊਂਦੇ ਲੋਕਾਂ ਦੀ ਭਾਲ ਲਈ ਮਲਬਾ ਹਟਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸ਼ਰਧਾਲੂਆਂ ਦੇ ਅੰਕੜਿਆਂ ਦੀ ਜਾਂਚ ਕਰ ਰਿਹਾ ਹੈ ਤਾਂ ਜੋ ਮੌਤਾਂ ਦੀ ਸਹੀ ਗਿਣਤੀ ਪਤਾ ਲੱਗ ਸਕੇ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ : ਫਸੇ ਹੋਏ 15 ਹਜ਼ਾਰ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ
ਉਨ੍ਹਾਂ ਕਿਹਾ ਕਿ ਇਸ ਵਾਰ ਅੱਤਵਾਦੀ ਖਤਰਿਆਂ ਦੇ ਮੱਦੇਨਜ਼ਰ ਹਰ ਸ਼ਰਧਾਲੂ ਨੂੰ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ.ਐਫ.ਆਈ. ਡੀ) ਕਾਰਡ ਮੁਹੱਈਆ ਕਰਵਾਇਆ ਗਿਆ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 30 ਜੂਨ ਨੂੰ ਸ਼ੁਰੂ ਹੋਈ ਅਮਰਨਾਥ ਯਾਤਰਾ ਨੂੰ ਇਸ ਹਾਦਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਇਸ ਨੂੰ ਮੁੜ ਸ਼ੁਰੂ ਕਰਨ ਬਾਰੇ ਫੈਸਲਾ ਲਿਆ ਜਾਵੇਗਾ।