ਆਲੋਕ ਕੁਮਾਰ ਵਰਮਾ ਬਣੇ ਉੱਤਰਾਖੰਡ ਹਾਈ ਕੋਰਟ ਦੇ ਨਵੇਂ ਜੱਜ

Monday, May 27, 2019 - 03:53 PM (IST)

ਆਲੋਕ ਕੁਮਾਰ ਵਰਮਾ ਬਣੇ ਉੱਤਰਾਖੰਡ ਹਾਈ ਕੋਰਟ ਦੇ ਨਵੇਂ ਜੱਜ

ਨੈਨੀਤਾਲ— ਕੇਂਦਰ ਸਰਕਾਰ ਵਲੋਂ ਉੱਤਰਾਖੰਡ ਹਾਈ ਕੋਰਟ ਵਿਚ ਨਵੇਂ ਜੱਜ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਨਵੇਂ ਨਿਯੁਕਤ ਜੱਜ ਆਲੋਕ ਕੁਮਾਰ ਵਰਮਾ ਨੇ ਸੋਮਵਾਰ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁੱਕੀ। ਮੁੱਖ ਜੱਜ ਰਮੇਸ਼ ਰੰਗਨਾਥਨ ਨੇ ਇਕ ਸਾਦੇ ਸਮਾਰੋਹ ਵਿਚ ਉਨ੍ਹਾਂ ਨੂੰ ਸਹੁੰ ਚੁਕਾਈ। ਇੱਥੇ ਦੱਸ ਦੇਈਏ ਕਿ ਆਲੋਕ ਵਰਮਾ ਦੀ ਨਿਯੁਕਤੀ ਐਡੀਸ਼ਨਲ ਜੱਜ ਦੇ ਅਹੁਦੇ 'ਤੇ ਹੋਈ ਹੈ। ਐਡੀਸ਼ਨਲ ਜੱਜ ਦੇ ਅਹੁਦੇ 'ਤੇ ਉਨ੍ਹਾਂ ਦਾ ਕਾਰਜਕਾਲ ਦੋ ਸਾਲ ਲਈ ਹੋਵੇਗਾ। 

ਹਾਈ ਕੋਰਟ ਦੇ ਰਜਿਸਟ੍ਰਾਰ ਜਨਰਲ ਵਲੋਂ ਸਹੁੰ ਚੁੱਕਣ ਤੋਂ ਪਹਿਲਾਂ ਇਸ ਦਾ ਐਲਾਨ ਕੀਤਾ ਗਿਆ। ਉੱਤਰਾਖੰਡ 'ਚ ਮੁੱਖ ਜੱਜ ਨੂੰ ਮਿਲਾ ਕੇ ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ ਹੁਣ 10 ਤਕ ਪਹੁੰਚ ਗਈ ਹੈ। ਸਹੁੰ ਚੁੱਕ ਸਮਾਰੋਹ ਵਿਚ ਮੁੱਖ ਜੱਜ ਤੋਂ ਇਲਾਵਾ ਜਸਟਿਸ ਸੁਧਾਂਸ਼ੂ ਧਲੀਆ, ਜਸਟਿਸ ਆਲੋਕ ਸਿੰਘ, ਜਸਟਿਸ ਲੋਕਪਾਲ ਸਿੰਘ, ਜਸਟਿਸ ਮਨੋਜ ਕੁਮਾਰ ਤਿਵਾੜੀ, ਜਸਟਿਸ ਸ਼ਰਦ ਕੁਮਾਰ ਸ਼ਰਮਾ, ਜਸਟਿਸ ਰਮੇਸ਼ ਚੰਦਰ ਖੁਲਬੇ, ਜਸਟਿਸ ਨਾਰਾਇਣ ਸਿੰਘ ਧਨਿਕ, ਜਸਟਿਸ ਰਵਿੰਦਰ ਮੈਠਾਣੀ ਦੇ ਨਾਲ-ਨਾਲ ਸਾਲਿਸਿਟਰ ਜਨਰਲ ਐੱਸ. ਐੱਨ. ਬਾਬੁਲਕਰ ਅਤੇ ਕਈ ਸੀਨੀਅਰ ਬੁਲਾਰੇ ਸ਼ਾਮਲ ਰਹੇ।


author

Tanu

Content Editor

Related News