ਦਿੱਲੀ ''ਚ ਹੋਵੇਗਾ ਸਾਰਿਆਂ ਦਾ ਇਲਾਜ, 1.5 ਲੱਖ ਬੈੱਡਾਂ ਦੀ ਜ਼ਰੂਰਤ ਹੋਵੇਗੀ
Wednesday, Jun 10, 2020 - 10:46 PM (IST)
ਨਵੀਂ ਦਿੱਲੀ - ਦਿੱਲੀ ਸਰਕਾਰ ਦੇ ਹਸਪਤਾਲਾਂ ਵਿਚ ਹੋਰ ਰਾਜਾਂ ਦੇ ਮਰੀਜ਼ਾਂ ਦੇ ਇਲਾਜ ਦੇ ਵਿਵਾਦ 'ਤੇ ਤੇਵਰ ਢਿੱਲੇ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਦੇ ਸਾਰੇ ਹਸਪਤਾਲਾਂ ਵਿਚ ਹੁਣ ਕੇਂਦਰ ਦੇ ਆਦੇਸ਼ ਮੁਤਾਬਕ ਸਾਰਿਆਂ ਦਾ ਇਲਾਜ ਕੀਤਾ ਜਾਵੇਗਾ। ਦਿੱਲੀ ਵਿਚ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਦੀ ਸਥਿਤੀ 'ਤੇ ਵੀਡੀਓ ਕਾਨਫਰੰਸਿੰਗ ਵਿਚ ਕੇਜਰੀਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਰਾਜਧਾਨੀ ਵਿਚ ਕੋਰੋਨਾ ਦੇ ਮਾਮਲੇ ਹੋਰ ਵਧਣਗੇ। ਉਨ੍ਹਾਂ ਕਿਹਾ ਕਿ ਉਪ-ਰਾਜਪਾਲ ਅਨਿਲ ਬੈਜਲ ਦੇ ਆਦੇਸ਼ ਦਾ ਪਾਲਣ ਕੀਤਾ ਜਾਵੇਗਾ। ਹੁਣ ਇਸ 'ਤੇ ਕੋਈ ਲੜਾਈ ਨਹੀਂ ਕਰਨੀ ਹੈ। ਚੁਣੌਤੀ ਬਹੁਤ ਵੱਡੀ ਹੈ। 31 ਜੁਲਾਈ ਤੱਕ ਬਾਹਰ ਤੋਂ ਆਉਣ ਵਾਲੇ ਸੰਭਾਵਿਤ ਕੋਰੋਨਾ ਮਰੀਜ਼ਾਂ ਨੂੰ ਦੇਖਦੇ ਹੋਏ 1.5 ਲੱਖ ਬੈੱਡਾਂ ਦੀ ਜ਼ਰੂਰਤ ਹੋਵੇਗੀ। ਇਸ ਸਥਿਤੀ ਨਾਲ ਨਜਿੱਠਣ ਲਈ ਖੇਡ ਸਟੇਡੀਅਮ, ਬੈਂਕੇਟ ਹਾਲ ਅਤੇ ਹੋਟਲਾਂ ਵਿਚ ਬੈੱਡ ਤਿਆਰ ਕਰਨੇ ਹੋਣਗੇ। ਜ਼ਰੂਰਤ ਪੈਣ 'ਤੇ ਪ੍ਰਗਤੀ ਮੈਦਾਨ, ਤਾਲਕਟੋਰਾ ਸਟੇਡੀਅਮ, ਤਿਆਗਰਾਜ ਸਟੇਡੀਅਮ, ਇੰਦਰਾ ਗਾਂਧੀ ਇੰਡੋਰ ਸਟੇਡੀਅਮ, ਜਵਾਹਰ ਲਾਲ ਨਹਿਰੂ ਸਟੇਡੀਅਮ ਅਤੇ ਧਿਆਨ ਚੰਦ ਨੈਸ਼ਨਲ ਸਟੇਡੀਅਮ ਆਦਿ ਨੂੰ ਮੇਕ ਸ਼ਿਫਟ ਹਸਪਤਾਲ ਦੇ ਰੂਪ ਵਿਚ ਇਸਤੇਮਾਲ ਕਰਨ ਦੀ ਯੋਜਨਾ ਹੈ। ਮੈਂ ਗੁਆਂਢੀ ਰਾਜਾਂ ਤੋਂ ਵੀ ਅਪੀਲ ਕਰਦਾ ਹਾਂ ਕਿ ਉਹ ਆਪਣੇ ਇਥੇ ਵਿਵਸਥਾ ਕਰਨ, ਜਿਸ ਨਾਲ ਘਟੋਂ-ਘੱਟ ਲੋਕਾਂ ਨੂੰ ਦਿੱਲੀ ਇਲਾਜ ਦੇ ਲਈ ਆਉਣ ਦੀ ਜ਼ਰੂਰਤ ਪਵੇ। ਕੇਜਰੀਵਾਲ ਨੇ ਕਿਹਾ ਕਿ ਮੇਰਾ ਕੱਲ ਕੋਰੋਨਾ ਟੈਸਟ ਹੋਇਆ, ਸ਼ਾਮ ਤੱਕ ਰਿਪੋਰਟ ਨੈਗੇਟਿਵ ਆਈ। ਸਾਰਿਆਂ ਨੇ ਬਹੁਤ ਦੁਆਵਾਂ ਕੀਤੀਆਂ ਸਨ। ਸਾਰਿਆਂ ਦਾ ਦਿਲੋਂ ਧੰਨਵਾਦ।