ਜੰਮੂ ਤੋਂ ਕਸ਼ਮੀਰ ਨੂੰ ਜੋੜਨ ਵਾਲੀ ਸਾਰੀਆਂ ਸੁਰੰਗਾਂ ਤਿਆਰ, ਦਸੰਬਰ ਤੋਂ ਦੌੜੇਗੀ ਰੇਲ
Friday, Jan 27, 2023 - 12:58 PM (IST)
ਸ਼੍ਰੀਨਗਰ- ਕਸ਼ਮੀਰ ਨੂੰ ਕੰਨਿਆਕੁਮਾਰੀ ਤੱਕ ਰੇਲ ਰਾਹੀਂ ਜੋੜਨ ਦਾ ਸੁਫ਼ਨਾ ਇਸ ਸਾਲ ਦਸੰਬਰ ਤੱਕ ਪੂਰਾ ਹੋ ਜਾਵੇਗਾ। ਦਰਅਸਲ ਊਧਮਪੁਰ-ਸ਼੍ਰੀਨਗਰ-ਬਾਰਾਮੂਲਾ ਰੇਲ ਲਿੰਕ (ਯੂਐੱਸਬੀਆਰਐੱਲ) ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ। ਯੂਐੱਸਬੀਆਰਐੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਨੂੰ ਜੋੜਨ ਵਾਲੀ ਲਾਈਨ ਲਈ ਸਾਰੀਆਂ ਜ਼ਰੂਰੀ ਸੁਰੰਗਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਬਾਕੀ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਆਸ ਜਤਾਈ ਜਾ ਰਹੀ ਹੈ ਕਿ ਨਵੰਬਰ ਤੋਂ ਦਸੰਬਰ ਦਰਮਿਆਨ ਰੇਲਵੇ ਨੈੱਟਵਰਕ ਦਾ ਉਦਘਾਟਨ ਹੋ ਜਾਵੇਗਾ। ਹੁਣ ਰੇਲ ਕਸ਼ਮੀਰ ਵੱਲੋਂ ਬਾਰਾਮੂਲਾ ਤੋਂ ਬਨਿਹਾਲ ਅਤੇ ਜੰਮੂ ਵੱਲ ਤੋਂ ਕੱਟੜਾ ਤੱਕ ਚੱਲਦੀ ਹੈ। ਇਸ ਸਮੇਂ ਕੱਟੜਾ ਨੂੰ ਬਨਿਹਾਲ ਨਾਲ ਜੋੜਨ ਦਾ ਕੰਮ ਚੱਲ ਰਿਹਾ ਹੈ।
1905 'ਚ ਕਸ਼ਮੀਰ ਦੇ ਉਸ ਸਮੇਂ ਦੇ ਮਹਾਰਾਜਾ ਨੇ ਮੁਗਲ ਰੋਡ ਦੇ ਰਸਤੇ ਸ਼੍ਰੀਨਗਰ ਨੂੰ ਜੰਮੂ ਨਾਲ ਜੋੜਨ ਵਾਲੀ ਰੇਲਵੇ ਲਾਈਨ ਵਿਛਾਉਣ ਦਾ ਐਲਾਨ ਕੀਤਾ ਸੀ। ਸ਼ੁਰੂਆਤੀ ਕੰਮ ਤੋਂ ਬਾਅਦ ਪ੍ਰਾਜੈਕਟ 'ਚ ਦੇਰ ਹੋਈ ਅਤੇ ਬਾਅਦ 'ਚ ਇਸ ਨੂੰ ਛੱਡ ਦਿੱਤਾ ਗਿਆ। ਫਿਰ ਮਾਰਚ 1995 'ਚ 2500 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਅਗਲੇ 7 ਸਾਲਾਂ 'ਚ ਖ਼ਾਸ ਉੱਨਤੀ ਨਹੀਂ ਹੋਈ। 2002 'ਚ ਵਾਜਪੇਈ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਨੂੰ ਰਾਸ਼ਟਰੀ ਪ੍ਰਾਜੈਕਟ ਐਲਾਨ ਕੀਤਾ, ਉਦੋਂ ਇਸ ਦੀ ਲਾਗਤ 6000 ਕਰੋੜ ਰੁਪਏ ਹੋ ਗਈ। ਲਾਈਨ ਵਿਛਾਉਣ ਦਾ ਕੰਮ ਭੂਗੋਲਿਕ ਸਮੱਸਿਆਵਾਂ ਨਾਲ ਭਰਿਆ ਹੋਇਆ ਸੀ।