ਬਾਰਾਮੂਲਾ 'ਚ 59 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਵੱਧ ਰਿਕਾਰਡ ਹੋਇਆ ਕਾਇਮ

05/21/2024 11:12:33 AM

ਬਾਰਾਮੂਲਾ (ਭਾਸ਼ਾ)- ਕਦੇ ਅੱਤਵਾਦ ਪ੍ਰਭਾਵਿਤ ਰਹੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਲੋਕ ਸਭਾ ਖੇਤਰ 'ਚ ਸੋਮਵਾਰ ਨੂੰ ਇਤਿਹਾਸ 'ਚ ਹੁਣ ਤੱਕ ਸਭ ਤੋਂ ਵੱਧ 59 ਫ਼ੀਸਦੀ ਵੋਟਿੰਗ ਹੋਈ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਪੀ.ਕੇ. ਪੋਲ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਸੰਸਦੀ ਖੇਤਰ ਦੇ ਸੋਪੋਰ ਵਿਧਾਨ ਸਭਾ ਖੇਤਰ 'ਚ 44.36 ਫ਼ੀਸਦੀ ਵੋਟਿੰਗ ਹੋਈ, ਜਿੱਥੇ ਬੀਤੇ ਕੁਝ ਦਹਾਕਿਆਂ 'ਚ ਵੋਟਿੰਗ ਫ਼ੀਸਦੀ 10 ਫ਼ੀਸਦੀ ਤੋਂ ਘੱਟ ਦਰਜ ਕੀਤਾ ਜਾਂਦਾ ਸੀ। ਮੁੱਖ ਚੋਣ ਅਧਿਕਾਰੀ ਨੇ ਵੋਟਿੰਗ ਦੇ ਅੰਤ 'ਚ ਕਿਹਾ,''ਬਾਰਾਮੂਲਾ ਲੋਕ ਸਭਾ ਖੇਤਰ 'ਚ 1967 'ਚ ਪਹਿਲੀ ਵਾਰ ਸੰਸਦੀ ਚੋਣ ਹੋਣ ਦੇ ਬਾਅਦ ਇਸ ਵਾਰ ਰਿਕਾਰਡ ਵੋਟਿੰਗ ਹੋਈ ਹੈ।'' ਬਾਰਾਮੂਲਾ ਲੋਕ ਸਭਾ ਖੇਤਰ 'ਚ ਇਸ ਤੋਂ ਪਹਿਲੇ ਸਭ ਤੋਂ ਵੱਧ 58.90 ਫ਼ੀਸਦੀ ਵੋਟਿੰਗ 1984 'ਚ ਹੋਈ ਸੀ। ਪੋਲ ਨੇ ਕਿਹਾ ਕਿ ਇਸ ਵਾਰ ਇਹ 59 ਫ਼ੀਸਦੀ ਰਿਹਾ। ਇਸ ਲੋਕ ਸਭਾ ਸੀਟ 'ਤੇ ਕੁੱਲ 17,37,865 ਵੋਟਰ ਸਨ। ਬਾਰਾਮੂਲਾ ਸੰਸਦੀ ਖੇਤਰ 'ਚ 2,103 ਵੋਟਿੰਗ ਕੇਂਦਰਾਂ 'ਤੇ ਵੋਟ ਪਾਏ ਗਏ, ਜਿਸ ਦਾ ਸਿੱਧਾ ਪ੍ਰਸਾਰਨ ਹੋਇਆ। 

ਚੋਣ ਕਮਿਸ਼ਨ ਨੇ ਕਿਹਾ ਕਿ ਪੂਰੇ ਚੋਣ ਖੇਤਰ 'ਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ। ਕਮਿਸ਼ਨ ਨੇ ਕਿਹਾ ਕਿ 2019 'ਚ ਚੋਣ ਖੇਤਰ 'ਚ 34.6 ਫ਼ੀਸਦੀ ਵੋਟਿੰਗ ਹੋਈ ਸੀ, ਜਦੋਂ ਕਿ 1989 'ਚ ਇਹ ਸਿਰਫ਼ 5.48 ਫ਼ੀਸਦੀ ਸੀ। ਬਾਰਾਮੂਲਾ ਸੀਟ ਤੋਂ ਇਸ ਵਾਰ 22 ਉਮੀਦਵਾਰ ਮੈਦਾਨ 'ਚ ਹਨ। ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ, ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਗਨੀ ਲੋਨ ਅਤੇ ਆਜ਼ਾਦ ਉਮੀਦਵਾਰ ਵਜੋਂ ਸ਼ੇਖ ਅਬਦੁੱਲ ਰਸ਼ੀਦ ਉਰਫ਼ ਇੰਜੀਨੀਅਰ ਰਸ਼ੀਦ ਮੁਕਾਬਲੇ 'ਚ ਮੁੱਖ ਉਮੀਦਵਾਰ ਹਨ। ਰਸ਼ੀਦ ਫ਼ਿਲਹਾਲ ਜੇਲ੍ਹ 'ਚ ਬੰਦ ਹਨ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ 'ਚ ਸ਼੍ਰੀਨਗਰ ਸੀਟ 'ਤੇ 38.49 ਫ਼ੀਸਦੀ ਵੋਟਿੰਗ ਹੋਈ ਸੀ, ਜੋ 1996 ਦੇ ਬਾਅਦ ਤੋਂ ਸਭ ਤੋਂ ਵੱਧ ਹੈ। ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਘਾਟੀ 'ਚ ਇਹ ਪਹਿਲੀਆਂ ਆਮ ਚੋਣਾਂ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News