ਆਲ ਪਾਰਟੀ ਮੀਟਿੰਗ ’ਚ ਬੋਲੇ PM ਮੋਦੀ- ਕਿਸਾਨਾਂ ਤੇ ਸਰਕਾਰ ਵਿਚਾਲੇ ਹਮੇਸ਼ਾ ਖੁੱਲ੍ਹਾ ਹੈ ਗੱਲਬਾਤ ਦਾ ਰਾਹ
Saturday, Jan 30, 2021 - 02:38 PM (IST)
ਨਵੀਂ ਦਿੱਲੀ– ਦਿੱਲੀ ਵਿਖੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਬਜਟ ਸੈਸ਼ਨ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਆਲ ਪਾਰਟੀ ਬੈਠਕ ਬੁਲਾਈ ਗਈ। ਬੈਠਕ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਬੈਠਕ ’ਚ ਕਿਸਾਨਾਂ ਦੇ ਮੁੱਦੇ ’ਤੇ ਗੱਲਬਾਤ ਹੋਈ। ਬੈਠਕ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਖੇਤੀ ਕਾਨੂੰਨਾਂ ’ਤੇ ਗੱਲਬਾਤ ਲਈ ਤਿਆਰ ਹੈ। ਕਿਸਾਨ ਗੱਲਬਾਤ ਕਰਨਾ ਚਾਹੁਣ ਤਾਂ ਦਿੱਲੀ ਵਿਖੇ ਵਿਗਿਆਨ ਭਵਨ ਵਿਚ ਆ ਸਕਦੇ ਹਨ।
ਬੈਠਕ ਦੌਰਾਨ ਪੀ.ਐਮ. ਮੋਦੀ ਨੇ ਤਮਾਮ ਪਾਰਟੀਆਂ ਦੇ ਨੇਤਾਵਾਂ ਨੂੰ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਰਸਤਾ ਹਮੇਸ਼ਾ ਖੁੱਲ੍ਹਾ ਹੈ। ਉਨ੍ਹਾਂ ਕਿਹਾ ਕਿ ਮੈਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਦੀ ਗੱਲ ਦੋਹਰਾਉਣਾ ਚਾਹਾਂਗਾ। ਭਲੇ ਹੀ ਸਰਕਾਰ ਅਤੇ ਕਿਸਾਨ ਖੇਤੀ ਕਾਨੂੰਨਾਂ ਦੇ ਹੱਲ ਨੂੰ ਲੈ ਕੇ ਆਮ ਸਹਿਮਤੀ ’ਤੇ ਨਹੀਂ ਪਹੁੰਚੇ ਪਰ ਅਸੀਂ ਕਿਸਾਨਾਂ ਦੇ ਸਾਹਮਣੇ ਬਦਲ ਰੱਖ ਰਹੇ ਹਾਂ। ਉਹ ਇਸ ’ਤੇ ਚਰਚਾ ਕਰਨ। ਕਿਸਾਨਾਂ ਅਤੇ ਮੇਰੇ ਵਿਚਕਾਰ ਸਿਰਫ਼ ਇਕ ਕਾਲ ਦੀ ਦੂਰੀ ਹੈ।
ਦੱਸ ਦੇਈਏ ਕਿ ਆਲ ਪਾਰਟੀ ਬੈਠਕ ’ਚ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ, ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ, ਸ਼ਿਵ ਸੈਨਾ ਸਾਂਸਦ ਵਿਨਾਇਕ ਰਾਊਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਉਥੇ ਹੀ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਸਾਂਸਦ ਆਰ.ਸੀ.ਪੀ. ਸਿੰਘ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਜਟ ਸੈਸ਼ਨ ਦੇ ਪਹਿਲੇ ਦਿਨ ਕਰੀਬ 20 ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕੀਤਾ ਸੀ, ਇਸ ਲਈ ਸਰਕਾਰ ਦੀ ਕੋਸ਼ਿਸ਼ ਹੈ ਕਿ ਬਜਟ ਸੈਸ਼ਨ ’ਚ ਹੰਗਾਮਾ ਨਾ ਹੋਵੇ।