ਛੇਤੀ ਹੀ ਦੇਸ਼ ਦੀ ਹਰ ਭਾਸ਼ਾ ’ਚ ਮਿਲਣਗੇ ਸੁਪਰੀਮ ਕੋਰਟ ਦੇ ਫੈਸਲੇ : CJI ਸੂਰਿਆਕਾਂਤ
Saturday, Dec 20, 2025 - 11:29 PM (IST)
ਇਟਾਵਾ- ਸੁਪਰੀਮ ਕੋਰਟ ਦੇ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਛੇਤੀ ਹੀ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਵਿਚ ਸੁਪਰੀਮ ਕੋਰਟ ਦੇ ਫੈਸਲੇ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਮ ਜਨਤਾ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ’ਚ ਇਨਸਾਫ ਆਸਾਨ ਕਰਾਉਣ ਦੀ ਦਿਸ਼ਾ ’ਚ ਵੱਡਾ ਕਦਮ ਹੈ। ਇਟਾਵਾ ’ਚ ਹਿੰਦੀ ਸੇਵਾ ਨਿਧੀ ਦੇ 33ਵੇਂ ਸਾਰਸਵਤ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਸੰਵਿਧਾਨਕ ਤੌਰ ’ਤੇ ਸੁਪਰੀਮ ਕੋਰਟ ਦੀ ਅਧਿਕਾਰਤ ਭਾਸ਼ਾ ਅੰਗਰੇਜ਼ੀ ਹੈ ਪਰ ਮੌਜੂਦਾ ਸਮੇਂ ’ਚ ਅਦਾਲਤ ਦੇ ਫ਼ੈਸਲੇ 16 ਭਾਰਤੀ ਭਾਸ਼ਾਵਾਂ ’ਚ ਮੁਹੱਈਆ ਕਰਾਏ ਜਾ ਰਹੇ ਹਨ ਅਤੇ ਛੇਤੀ ਹੀ ਹੋਰ ਭਾਸ਼ਾਵਾਂ ਨੂੰ ਵੀ ਇਸ ’ਚ ਸ਼ਾਮਲ ਕੀਤਾ ਜਾਵੇਗਾ।
ਸੀ. ਜੇ. ਆਈ. ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 348, 350 ਅਤੇ 351 ’ਚ ਭਾਸ਼ਾ ਦੀ ਸੁਰੱਖਿਆ ਅਤੇ ਵਿਕਾਸ ਦੀ ਜੋ ਭਾਵਨਾ ਸ਼ਾਮਲ ਹੈ, ਉਸੇ ਅਨੁਸਾਰ ਸੰਵਿਧਾਨਕ ਸੰਸਥਾਵਾਂ ਨੂੰ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਹਿੰਦੀ ਸੇਵਾ ਨਿਧੀ ਵੱਲੋਂ ਹਿੰਦੀ ਦੀ ਉੱਨਤੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਚੀਫ ਜਸਟਿਸ ਨੇ ਇਸਲਾਮੀਆ ਇੰਟਰ ਕਾਲਜ ਅਤੇ ਉਸ ਨਾਲ ਜੁਡ਼ੀਆਂ ਇਤਿਹਾਸਕ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਹਿੰਦੀ ਸੇਵਾ ਦਾ ਪ੍ਰਭਾਵੀ ਕੇਂਦਰ ਬਣੀ ਹੋਈ ਹੈ। ਉਨ੍ਹਾਂ ਨੇ ਆਪਣੇ ਪਰਿਵਾਰਕ ਅਤੇ ਸਾਹਿਤਕ ਸਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨਿਆਂ ਖੇਤਰ ’ਚ ਆਉਣ ਤੋਂ ਬਾਅਦ ਸਾਹਿਤ ਤੋਂ ਦੂਰੀ ਵਧ ਜਾਂਦੀ ਹੈ ਪਰ ਅਜਿਹੇ ਪ੍ਰਬੰਧ ਉਸ ਦੂਰੀ ਨੂੰ ਘਟਾਉਣ ਦਾ ਮੌਕਾ ਦਿੰਦੇ ਹਨ। ਪ੍ਰੋਗਰਾਮ ’ਚ ਹਿੰਦੀ ਸੇਵਾ ਦੇ ਖੇਤਰ ’ਚ ਯੋਗਦਾਨ ਦੇਣ ਵਾਲੇ 18 ਬੁੱਧੀਜੀਵੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਮਸ਼ਹੂਰ ਸ਼ਾਇਰ ਡਾ. ਵਸੀਮ ਬਰੇਲਵੀ ਨੇ ਕੀਤੀ।
