ਸਾਰੀਆਂ ਹਿੰਦੂ ਔਰਤਾਂ ਚਾਰ-ਚਾਰ ਬੱਚੇ ਕਰਨ ਪੈਦਾ, 2 RSS ਨੂੰ ਦੇਣ : ਸਾਧਵੀ ਰਿਤੰਭਰਾ
Monday, Apr 18, 2022 - 05:02 PM (IST)
ਕਾਨਪੁਰ/ਲਖਨਊ (ਭਾਸ਼ਾ)- ਹਿੰਦੁਵਾਦੀ ਆਗੂ ਸਾਧਵੀ ਰਿਤੰਭਰਾ ਨੇ ਦੇਸ਼ ਦੀਆਂ ਸਾਰੀਆਂ ਹਿੰਦੂ ਔਰਤਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ 'ਚੋਂ 2 ਬੱਚੇ ਦੇਸ਼ ਨੂੰ ਸਮਰਪਿਤ ਕਰ ਦਿੱਤੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਜਲਦ ਹੀ ‘ਹਿੰਦੂ ਰਾਸ਼ਟਰ’ ਬਣ ਜਾਵੇਗਾ। ਦਿੱਲੀ ਦੇ ਜਹਾਂਗੀਰਪੁਰੀ 'ਚ ਸ਼ਨੀਵਾਰ ਨੂੰ ਹੋਈ ਫਿਰਕੂ ਹਿੰਸਾ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਹਨੂੰਮਾਨ ਜੈਅੰਤੀ ਸ਼ੋਭਾ ਯਾਤਰਾ 'ਤੇ ਹਮਲਾ ਕਰਨ ਵਾਲੇ ਦੇਸ਼ ਦੀ ਤਰੱਕੀ ਤੋਂ ਈਰਖਾ ਕਰ ਰਹੇ ਹਨ। ਉਨ੍ਹਾਂ ਕਿਹਾ,''ਜੋ ਲੋਕ ਸਿਆਸੀ ਅੱਤਵਾਦ ਰਾਹੀਂ ਹਿੰਦੂ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਮਿੱਟੀ 'ਚ ਰੋਲ ਦਿੱਤਾ ਜਾਵੇਗਾ।'' ਐਤਵਾਰ ਨੂੰ ਕਾਨਪੁਰ ਦੇ ਨਿਰਾਲਾ ਨਗਰ ਰੇਲਵੇ ਕੰਪਲੈਕਸ 'ਚ ਆਯੋਜਿਤ ਰਾਮ ਮਹੋਤਸਵ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਰਿਤੰਬਰਾ ਨੇ ਕਿਹਾ,''ਤੁਸੀਂ ਤਾਂ 2 ਬੱਚੇ ਪੈਦਾ ਕੀਤੇ। ਹੈ ਨਾ, ਅਸੀਂ 2 ਸਾਡੇ 2, ਮੇਰੀ ਅਪੀਲ ਹੈ ਹਿੰਦੂ ਸਮਾਜ ਦੇ ਭਰਾਵਾਂ ਨੂੰ, 2 ਬੱਚੇ ਨਹੀਂ, ਚਾਰ ਬੱਚਿਆਂ ਨੂੰ ਜਨਮ ਦਿਓ। 2 ਬੱਚੇ ਰਾਸ਼ਟਰ ਲਈ ਸਮਰਪਿਤ ਕਰੋ।'' ਮੌਜੂਦ ਭੀੜ ਵਲੋਂ 'ਜੈ ਸ਼੍ਰੀ ਰਾਮ' ਦੇ ਨਾਅਰੇ ਦਰਮਿਆਨ ਰਿਤੰਬਰਾ ਨੇ ਕਿਹਾ,''ਉਹ ਦੋਵੇਂ (ਸੰਤਾਨ) ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਮਰਪਿਤ ਸੇਵਕ ਬਣਨਗੇ।''
ਉਨ੍ਹਾਂ ਕਿਹਾ,"ਸ਼੍ਰੀ ਰਾਮ ਜਨਮ ਭੂਮੀ 'ਤੇ ਇਕ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਅਸੀਂ ਹਰ ਕਣ, ਹਰ ਵਿਅਕਤੀ ਨੂੰ ਰਾਮਮਈ ਬਣਾਉਣਾ ਹੈ।" ਬਾਅਦ 'ਚ ਸਾਧਵੀ ਰਿਤੰਭਰਾ ਨੇ ਆਪਣੇ ਬਿਆਨ ਦੇ ਸਮਰਥਨ 'ਚ ਦਲੀਲ ਦਿੰਦੇ ਹੋਏ ਕਿਹਾ,''ਭਾਰਤ ਦੇ ਅਤੀਤ 'ਤੇ ਨਜ਼ਰ ਮਾਰੀਏ ਤਾਂ ਕਈ ਬੱਚੇ ਦੇਸ਼ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਬਹੁਤ ਪਰੇਸ਼ਾਨੀ ਨਹੀਂ ਹੁੰਦੀ ਸੀ, ਕਿਉਂਕਿ ਉਨ੍ਹਾਂ ਦੀ ਪਰੰਪਰਾ ਚਲਾਉਣ ਲਈ ਹੋਰ ਵੀ ਸੰਤਾਨਾਂ ਹੁੰਦੀਆਂ ਸਨ ਪਰ ਹੁਣ ਸੱਜਣਾ ਦੀ ਸਥਿਤੀ ਇਹ ਹੈ ਕਿ ਉਹ ਸਮਰੱਥ ਵੀ ਹਨ, ਪੜ੍ਹਾ ਵੀ ਸਕਦੇ ਹਨ ਤਾਂ ਵੀ ਉਹ ਸੰਤਾਨਾਂ ਨੂੰ ਜਨਮ ਨਹੀਂ ਦੇਣਾ ਚਾਹੁੰਦੇ ਹਨ।'' ਉਨ੍ਹਾਂ ਕਿਹਾ,''ਦੇਸ਼ ਨੂੰ ਵੀ ਕੁਝ ਅਜਿਹੇ ਲੋਕਾਂ ਦੀ ਲੋੜ ਹੈ। ਤੁਸੀਂ ਦੇਖੋ ਸੰਘ ਦੇ ਕਿੰਨੇ ਲੱਖ ਪ੍ਰਚਾਰਕ ਨਿਕਲੇ। ਅੱਜ ਤੋਂ 30-35 ਸਾਲ ਪਹਿਲਾਂ, ਜਿਨ੍ਹਾਂ 'ਚੋਂ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਵੀ ਹਨ, ਜੋ ਦੇਸ਼ ਲਈ ਆਪਣਾ ਤਨ, ਮਨ, ਇਕ-ਇਕ ਪਲ ਸਮਰਪਿਤ ਹੋਏ ਹਨ ਤਾਂ ਆਉਣ ਵਾਲੇ ਸਮੇਂ 'ਚ ਵੀ ਇਸ ਧਰਤੀ ਨੂੰ ਬੰਜਰ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੀਆਂ ਸੰਤਾਨਾਂ ਇਸ ਦੇਸ਼ ਨੂੰ ਸਮਝਣ। ਅਜਿਹੀ ਸਾਡੀ ਦੇਸ਼ ਦੀ ਪਰੰਪਰਾ ਰਹੀ ਹੈ। ਮੈਂ ਉਸੇ ਨੂੰ ਯਾਦ ਦਿਵਾ ਰਹੀ ਸੀ।'' ਉਨ੍ਹਾਂ ਨੇ ਭਾਰਤ ਦੇ ਜਲਦ ਹੀ 'ਹਿੰਦੂ ਰਾਸ਼ਨ' ਬਣਨ ਦੀ ਗੱਲ ਕਹੀ। ਇਹ ਪੁੱਛਣ 'ਤੇ ਕਿ ਕੀ ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸੰਘ ਨੂੰ ਸਮਰਪਿਤ ਕਰਨ ਲਈ ਕਿਹਾ ਸੀ, ਤਾਂ ਉਨ੍ਹਾਂ ਕਿਹਾ,''ਹਾਂ, ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਆਪਣੇ ਦੋ ਬੱਚੇ ਰਾਸ਼ਟਰੀ ਸਵੈਮ ਸੇਵਕ ਸੰਘ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਰਤਾ ਨੂੰ ਸਮਰਪਿਤ ਕਰੋ, ਦੇਸ਼ ਨੂੰ ਸਮਰਪਿਤ ਕਰੋ।'' ਰਿਤੰਭਰਾ ਰਾਮ ਮੰਦਰ ਅੰਦੋਲਨ ਨਾਲ ਜੁੜੀ ਰਹੀ ਹੈ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮਹਿਲਾ ਵਿੰਗ ਦੁਰਗਾ ਵਾਹਿਨੀ ਦਾ ਗਠਨ ਵੀ ਕੀਤਾ ਹੈ।