ਅਲਕਾਇਦਾ ਦੇ 2 ਮੈਂਬਰ ਗ੍ਰਿਫਤਾਰ, ਹੱਥ ਗੋਲੇ ਜ਼ਬਤ
Sunday, Apr 08, 2018 - 12:43 AM (IST)

ਸ਼੍ਰੀਨਗਰ— ਕਸ਼ਮੀਰ 'ਚ ਅਲਕਾਇਦਾ ਦੀ ਇਕਾਈ ਅੰਸਾਰ ਗਜਵਤ ਉਲ ਹਿੰਦ ਦੇ 2 ਓਵਰ ਗ੍ਰਾਊਂਡ ਵਰਕਰਾਂ (ਓ. ਜੀ. ਡਬਲਿਊ.) ਨੂੰ ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਗ੍ਰਿਫਤਾਰ ਕਰ ਲਿਆ।
ਪੁਲਸ ਨੇ ਦੱਸਿਆ ਕਿ ਪੁਲਸ ਅਤੇ ਫੌਜ ਦੇ ਜਵਾਨਾਂ ਨੇ ਨਾਕੇ ਦੌਰਾਨ ਓ. ਜੀ.ਡਬਲਿਊ. ਰਫੀਕ ਅਹਿਮਦ ਡਾਰ ਪੁੱਤਰ ਗੁਲਾਮ ਹਸਨ ਡਾਰ ਵਾਸੀ ਘਾਤ ਤੁਕਨਾ ਅਵਾਂਤੀਪੁਰਾ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਇਕ ਹੱਥ ਗੋਲਾ ਬਰਾਮਦ ਕੀਤਾ ਗਿਆ, ਜਿਸ ਨੂੰ ਉਹ ਪੁਲਸ ਅਤੇ ਸੁਰੱਖਿਆ ਫੋਰਸਾਂ 'ਤੇ ਸੁੱਟਣ ਵਾਲਾ ਸੀ।
ਪੁਲਸ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਉਸ ਨੇ ਮੰਨਿਆ ਕਿ ਉਹ ਅੰਸਾਰ ਗਜਵਤ ਉਲ ਹਿੰਦ ਅੱਤਵਾਦੀ ਸੰਗਠਨ ਨਾਲ ਕੰਮ ਕਰ ਰਿਹਾ ਹੈ। ਉਸ ਨੂੰ ਇਹ ਗਰਨੇਡ ਉਸ ਦੇ ਸੰਗਠਨ ਦੇ ਅੱਤਵਾਦੀਆਂ ਵਲੋਂ ਦਿੱਤਾ ਗਿਆ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਸਾਥੀ ਓ. ਜੀ. ਡਬਲਿਊ. ਆਬਿਦ ਮਜੀਦ ਸ਼ੇਖ ਉਰਫ ਰਾਜ ਗਾਡਾ ਪੁੱਤਰ ਅਬਦੁੱਲ ਮਜੀਦ ਸ਼ੇਖ ਵਾਸੀ ਦਾਡਸਾਰਾ ਅਵਾਂਤੀਪੁਰਾ ਨੂੰ ਅੰਸਾਰ ਗਜਵਤ ਉਲ ਹਿੰਦ ਸੰਗਠਨ ਦੇ ਖੁਦ ਬਣੇ ਕਮਾਂਡਰ ਜ਼ਾਕਿਰ ਰਸ਼ੀਦ ਭੱਟ ਉਰਫ ਜ਼ਾਕਿਰ ਮੂਸਾ ਨੇ ਸੰਗਠਨ ਲਈ ਹਥਿਆਰ ਹਾਸਲ ਕਰਨ ਲਈ ਵੱਡੀ ਰਕਮ ਦਿੱਤੀ ਸੀ। ਇਸ ਪਿੱਛੋਂ ਆਬਿਦ ਮਜੀਦ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਖੁਲਾਸੇ 'ਤੇ ਉਸ ਕੋਲੋਂ 5.37 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ। ਇਹ ਰਕਮ ਸੰਗਠਨ ਦੇ ਅੱਤਵਾਦੀਆਂ ਨੇ ਪਿਛਲੇ ਸਾਲ ਦਸੰਬਰ 'ਚ ਜੰਮੂ-ਕਸ਼ਮੀਰ ਬੈਂਕ ਦੀਆਂ 2 ਬ੍ਰਾਂਚਾਂ ਵਿਚੋਂ ਲੁੱਟੀ ਸੀ। ਇਸ ਦੌਰਾਨ ਪੁਲਸ ਨੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਅੱਤਵਾਦੀ ਰੈਂਕਾਂ 'ਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਸਨ। ਬਾਅਦ ਵਿਚ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।