ਮਾਰਿਆ ਗਿਆ ਅਲਕਾਇਦਾ ਦਾ ਚੀਫ ''ਉਮਰ'', ਭਾਰਤ ਦਾ ਸੀ ਰਹਿਣ ਵਾਲਾ

10/09/2019 1:50:51 PM

ਸੰਭਲ/ਕਾਬੁਲ— ਅੱਤਵਾਦੀ ਸੰਗਠਨ ਅਲਕਾਇਦਾ ਦਾ ਸਾਊਥ ਏਸ਼ੀਆ ਚੀਫ ਆਸਿਮ ਉਮਰ ਅਫਗਾਨਿਸਤਾਨ 'ਚ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਮਰ 23 ਸਤੰਬਰ ਨੂੰ ਹੇਲਮੰਦ ਸੂਬੇ 'ਚ ਹੋਏ ਹਵਾਈ ਹਮਲੇ 'ਚ ਮਾਰਿਆ ਗਿਆ, ਜਿਸ ਦੀ ਖਬਰ ਹੁਣ ਬਾਹਰ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਉਮਰ ਅਮਰੀਕਾ-ਅਫਗਾਨ ਫੌਜ ਦੀ ਸੰਯੁਕਤ ਕਾਰਵਾਈ ਵਿਚ ਮਾਰਿਆ ਗਿਆ ਹੈ। ਹਾਲਾਂਕਿ ਅਮਰੀਕਾ ਅਤੇ ਅਲਕਾਇਦਾ ਨੇ ਉਮਰ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। 
ਕਰੀਬ 40 ਸਾਲ ਦਾ ਉਮਰ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ 'ਚ ਪੈਦਾ ਹੋਇਆ ਸੀ। ਉਮਰ ਉੱਤਰ ਪ੍ਰਦੇਸ਼ ਦੇ ਸੰਭਲ ਦੇ ਦੀਪਾ ਸਰਾਏ ਇਲਾਕੇ ਦਾ ਰਹਿਣ ਵਾਲਾ ਸੀ। ਉਮਰ ਦੇ ਬਚਪਨ ਦਾ ਨਾਮ ਸਨਾਉੱਲ ਹੱਕ ਦੱਸਿਆ ਜਾਂਦਾ ਹੈ। ਉਸ ਨੇ ਦੇਵਬੰਦ ਦੇ ਦਾਰੂਲ ਉਲੂਮ ਤੋਂ ਗਰੈਜੂਏਟ ਕੀਤੀ। ਇੱਥੇ ਪੜ੍ਹਾਈ ਪੂਰੀ ਕਰਨ ਮਗਰੋਂ ਉਹ ਪਾਕਿਸਤਾਨ ਦੇ ਨੌਸ਼ੇਰਾ 'ਚ ਪੜ੍ਹਨ ਗਿਆ, ਜਿੱਥੇ ਉਹ ਪਾਕਿਸਤਾਨੀ ਅੱਤਵਾਦੀ ਸੰਗਠਨ 'ਹਰਕਤ ਅਲ ਮੁਜਾਹਿਦੀਨ' ਵਿਚ ਸ਼ਾਮਲ ਹੋ ਗਿਆ ਸੀ।

ਦਿੱਲੀ ਦੀ ਪਟਿਆਲਾ ਕੋਰਟ ਨੇ ਆਸਿਮ ਉਮਰ ਨੂੰ ਦਿੱਲੀ ਪੁਲਸ ਸਪੈਸ਼ਲ ਸੈਲ ਦੇ ਇਕ ਕੇਸ ਵਿਚ ਭਗੌੜਾ ਐਲਾਨ ਕੀਤਾ ਹੋਇਆ ਹੈ। ਸਾਲ 2016 'ਚ ਅਲਕਾਇਦਾ ਦੇ ਕਈ ਅੱਤਵਾਦੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਟਿਆਲਾ ਕੋਰਟ 'ਚ ਚਾਰਜਸ਼ੀਟ ਦਾਖਲ ਕੀਤੀ ਗਈ ਸੀ, ਜਿਸ ਵਿਚ ਆਸਿਮ ਉਮਰ ਉਰਫ ਸਨਾਉੱਲ ਹੱਕ ਦਾ ਨਾਂ ਵੀ ਸੀ। ਇੱਥੇ ਦੱਸ ਦੇਈਏ ਕਿ ਭਾਰਤੀ ਖੁਫੀਆ ਏਜੰਸੀਆਂ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਆਸਿਮ ਉਮਰ ਭਾਰਤ ਦਾ ਹੀ ਰਹਿਣ ਵਾਲਾ ਸੀ। ਬਾਅਦ ਵਿਚ ਉਸ ਦੇ ਪਾਕਿਸਤਾਨ 'ਚ ਹੋਣ ਦੀ ਜਾਣਕਾਰੀ ਮਿਲੀ ਸੀ। 


Tanu

Content Editor

Related News