ਮੁਸਲਿਮ ਵਰਲਡ ਲੀਗ ਦੇ ਜਨਰਲ ਸਕੱਤਰ ਅਲ-ਇੱਸਾ ਨੇ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ
Wednesday, Jul 12, 2023 - 05:32 PM (IST)
ਨਵੀਂ ਦਿੱਲੀ- ਮੁਸਲਿਮ ਵਰਲਡ ਲੀਗ (ਐੱਮ.ਡਬਲਯੂ.ਐੱਲ.) ਦੇ ਜਨਰਲ ਸਕੱਤਰ ਸ਼ੇਖ ਮੁਹੰਮਦ ਬਿਨ ਅਬਦੁਲਕਰੀਮ ਅਲ-ਇੱਸਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਇਕ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ।
ਪੀ.ਐੱਮ.ਓ. ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਸਲੀਮ ਵਰਲਡ ਲੀਗ ਦੇ ਜਨਰਲ ਸਕੱਤਰ ਅਤੇ ਮੁਸਲਿਮ ਵਿਦਵਾਨਾਂ ਦੇ ਸੰਗਠਨ ਦੇ ਪ੍ਰਧਾਨ ਸ਼ੇਖ ਮੁਹੰਮਦ ਬਿਨ ਅਬਦੁਲਕਰੀਮ ਅਲ-ਇੱਸਾ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਅੰਤਰ-ਧਾਰਮਿਕ ਸਦਭਾਵਨਾ, ਸ਼ਾਂਤੀ ਨੂੰ ਅੱਗੇ ਵਧਾਉਣ ਅਤੇ ਮਨੁੱਖੀ ਪ੍ਰਗਤੀ ਦੀ ਦਿਸ਼ਾ 'ਚ ਕੰਮ ਕਰਨ ਦੇ ਵੱਖ-ਵੱਖ ਪਹਿਲੂਆਂ 'ਤੇ ਵਿਵਹਾਰਿਕ ਚਰਚਾ ਕੀਤੀ।
ਭਾਰਤ ਦੀ ਯਾਤਰਾ 'ਤੇ ਆਏ ਅਲ-ਇੱਸਾ ਨੇ ਇਥੇ ਖੁਸਰੋ ਫਾਊਂਡੇਸ਼ਨ ਅਤੇ ਇੰਡੀਆ ਇਸਲਾਮਿਕ ਕਲਚਰ ਸੈਂਟਰ ਦੁਆਰਾ ਆਯੋਜਿਤ ਇਕ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ। ਉਹ ਭਾਰਤ ਸਰਕਾਰ ਦੇ ਅਧਿਕਾਰਤ ਸੱਦੇ 'ਤੇ ਇਥੇ ਆਏ ਹਨ। ਐੱਮ.ਡਬਲਯੂ.ਐੱਲ. ਇਕ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨ ਹੈ ਜਿਸਦਾ ਦਫਤਰ ਮੱਕਾ 'ਚ ਹੈ। ਇਸ ਵਿਚ ਸਾਰੇ ਇਸਲਾਮੀ ਦੇਸ਼ਾਂ ਅਤੇ ਸੰਪਰਦਾਵਾਂ ਦੇ ਮੈਂਬਰ ਸ਼ਾਮਲ ਹਨ।