ਜ਼ਖਮੀਆਂ ਨੂੰ ਮਿਲਣ ਪੁੱਜੇ ਅਖਿਲੇਸ਼ ਦੇ ਵਿਗੜੇ ਬੋਲ- ''ਡਾਕਟਰ ਨੂੰ ਬੋਲੇ ਬਾਹਰ ਦੌੜ ਜਾਓ''

1/14/2020 5:38:13 PM

ਕੰਨੌਜ/ਲਖਨਊ— ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਵਲੋਂ ਇਕ ਹਸਪਤਾਲ 'ਚ ਕਥਿਤ ਤੌਰ 'ਤੇ ਸਰਕਾਰੀ ਡਾਕਟਰ ਨੂੰ ਫਟਕਾਰ ਲਗਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਭਾਜਪਾ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਅਖਿਲੇਸ਼ ਇਕ ਬੱਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਹਸਪਤਾਲ ਪੁੱਜੇ ਸਨ। ਉਨ੍ਹਾਂ ਨੂੰ ਵੀਡੀਓ 'ਚ ਸਰਕਾਰੀ ਡਾਕਟਰ ਨੂੰ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, ਤੂੰ ਸਰਕਾਰ ਦਾ ਆਦਮੀ ਹੈਂ, ਤੈਨੂੰ ਨਹੀਂ ਬੋਲਣਾ ਚਾਹੀਦਾ। ਤੂੰ ਸਰਕਾਰ ਦਾ ਪੱਖ ਨਹੀਂ ਲੈ ਸਕਦਾ।''

ਡਾਕਟਰ ਨੂੰ ਕਿਹਾ ਛੋਟਾ ਕਰਮਚਾਰੀ
ਉਨ੍ਹਾਂ ਨੂੰ ਐਮਰਜੈਂਸੀ ਮੈਡੀਕਲ ਅਧਿਕਾਰੀ ਡੀ.ਐੱਸ. ਮਿਸ਼ਰਾ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ,''ਤੂੰ ਬਹੁਤ ਛੋਟਾ ਅਧਿਕਾਰੀ ਹੈ। ਬਹੁਤ ਛੋਟਾ ਕਰਮਚਾਰੀ ਹੈਂ। ਆਰ.ਐੱਸ.ਐੱਸ. ਦਾ ਹੋ ਸਕਦਾ ਹੈਂ। ਭਾਜਪਾ ਦੇ ਹੋ ਸਕਦਾ ਹੈਂ। ਦੂਰ ਹੋ ਜਾਓ ਇੱਥੋਂ। ਇਕਦਮ ਦੂਰ ਹੋ ਜਾਓ। ਹਟ ਜਾਓ ਇੱਥੋਂ। ਬਹਾਰ ਦੌੜੋ ਇੱਥੋਂ।'' ਇਸ 'ਤੇ ਮਿਸ਼ਰਾ ਨੇ ਕਿਹਾ,'' ਉਹ (ਅਖਿਲੇਸ਼ ਯਾਦਵ) ਮਰੀਜ਼ਾਂ ਦਾ ਹਾਲਚਾਲ ਪੁੱਛ ਰਹੇ ਸਨ। ਪੁੱਛ ਰਹੇ ਸਨ ਕਿ ਚੈੱਕ ਮਿਲਿਆ ਕਿ ਨਹੀਂ। ਮੈਂ ਸਫ਼ਾਈ ਦੇਣੀ ਚਾਹੀ ਕਿ ਸਾਹਿਬ ਚੈੱਕ ਮਿਲਿਆ ਹੈ। ਇਹ ਦੌੜ ਜਾਂਦੇ ਹਨ ਘਰ। ਇਸ 'ਤੇ ਉਹ ਇਕਦਮ ਨਾਲ ਭੜਕ ਗਏ। ਕਿਹਾ ਦੌੜ ਜਾਓ। ਅਸੀਂ ਐਮਰਜੈਂਸੀ ਡਿਊਟੀ 'ਤੇ ਸੀ ਅਤੇ ਸਾਨੂੰ ਕਿਹਾ ਕਿ ਨਿਕਲ ਜਾਓ।''

ਮੈਡੀਕਲ ਅਧਿਕਾਰੀ ਨੂੰ ਬਿਨਾਂ ਕਾਰਨ ਬੇਇੱਜ਼ਤ ਕੀਤਾ
ਉਨ੍ਹਾਂ ਨੇ ਕਿਹਾ ਕਿ ਉਹ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਇਕ ਮਰੀਜ਼ ਨੇ ਕਿਹਾ ਕਿ ਉਸ ਨੂੰ ਮੁਆਵਜ਼ੇ ਦਾ ਚੈੱਕ ਨਹੀਂ ਮਿਲਿਆ ਹੈ। ਮੈਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਪਾ ਪ੍ਰਧਾਨ ਨੇ ਚੱਲੇ ਜਾਣ ਲਈ ਕਿਹਾ। ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਨੇ ਇਸ ਘਟਨਾ 'ਤੇ ਕਿਹਾ,''ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ਵਰਗੇ ਰਾਜ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿ ਚੁਕੇ ਅਖਿਲੇ ਯਾਦਵ ਵਰਗੇ ਵਿਅਕਤੀ ਨੇ ਇਕ ਬਜ਼ੁਰਗ ਐਮਰਜੈਂਸੀ ਮੈਡੀਕਲ ਅਧਿਕਾਰੀ ਨੂੰ ਬਿਨਾਂ ਕਾਰਨ ਬੇਇੱਜ਼ਤ ਕੀਤਾ।''

ਅਖਿਲੇਸ਼ ਦਾ ਡਾਕਟਰ ਨੂੰ ਬੇਇੱਜ਼ਤ ਕਰਨਾ ਸ਼ਰਮ ਦੀ ਗੱਲ
ਸਿੰਘ ਨੇ ਕਿਹਾ,''ਇਹ ਸਮਝ ਤੋਂ ਪਰੇ ਹੈ ਕਿ ਇੰਨੇ ਹੇਠਲੇ ਪੱਧਰ 'ਤੇ ਅਖਿਲੇਸ਼ ਜਾਣਗੇ ਅਤੇ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਨਗੇ। ਉਹ ਡਾਕਟਰ ਉੱਥੇ ਡਿਊਟੀ 'ਤੇ ਸਨ ਅਤੇ ਜ਼ਖਮੀਆਂ ਦੀ ਦੇਖਰੇਖ ਵੀ ਕਰ ਰਹੇ ਸਨ। ਮਰੀਜ਼ਾਂ ਨੂੰ ਜੋ ਪੈਸਾ ਸਰਕਾਰ ਵਲੋਂ ਮਿਲਣਾ ਸੀ, ਉਹ ਵੀ ਦਿਲਵਾਇਆ ਜਾ ਰਿਹਾ ਸੀ।'' ਮੰਤਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਅਖਿਲੇਸ਼ ਨੇ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰ ਕੇ ਕਿਸੇ ਇਕ ਸੰਸਥਾ ਜਾਂ ਕਿਸੇ ਇਕ ਦਲ ਨਾਲ ਜੋੜਦੇ ਹੋਏ ਇਸ ਤਰ੍ਹਾਂ ਦੀ ਗੱਲ ਕੀਤੀ ਹੈ, ਜੋ ਬਹੁਤ ਹੀ ਸ਼ਰਮ ਦੀ ਗੱਲ ਹੈ। ਉਨ੍ਹਾਂ ਨੇ ਕਿਹਾ,''ਇੰਨੇ ਹੇਠਲੇ ਪੱਧਰ 'ਤੇ ਡਿੱਗ ਕੇ ਗੱਲ ਕਰਨਾ ਰਾਜਨੀਤੀ ਵਿਰੁੱਧ ਹੀ ਜਾਂਦਾ ਹੈ ਅਤੇ ਇਨ੍ਹਾਂ ਵਿਰੁੱਧ ਵੀ ਜਾਵੇਗਾ।''


DIsha

Edited By DIsha