ਅਖਿਲੇਸ਼ ਨੇ ਨਿਤੀਸ਼ ਨੂੰ ਕੀਤੀ ਭਾਜਪਾ ਨਾਲ ਨਾਤਾ ਤੋੜਨ ਦੀ ਅਪੀਲ, JDU ਨੇ ਕੀਤਾ ਪਲਟਵਾਰ
Friday, Oct 11, 2024 - 05:44 PM (IST)

ਪਟਨਾ (ਭਾਸ਼ਾ)- ਜਨਤਾ ਦਲ (ਯੂਨਾਈਟੇਡ) ਨੇ ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਦਾ ਇਹ ਬਿਆਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤਾ, ਜਿਸ 'ਚ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਿਰਕ ਗਠਜੋੜ (ਰਾਜਗ) ਦੀ ਕੇਂਦਰ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਯਾਦਵ ਨੇ ਰਾਜ ਦੀ ਭਾਜਪਾ ਸਰਕਾਰ 'ਤੇ ਜੈਪ੍ਰਕਾਸ਼ ਨਾਰਾਇਣ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਰੋਕਣ ਦਾ ਦੋਸ਼ ਲਗਾਉਂਦੇ ਹੋਏ ਕੁਮਾਰ ਨੂੰ ਭਾਜਪਾ ਤੋਂ ਸਮਰਥਨ ਵਾਪਸ ਲੈਣ ਦੀ ਅਪੀਲ ਕੀਤੀ।
ਜਨਤਾ ਦਲ (ਯੂ) ਦੇ ਰਾਸ਼ਟਰੀ ਬੁਲਾਰੇ ਰਾਜੀਵ ਰੰਜਨ ਪ੍ਰਸਾਦ ਨੇ ਇਕ ਬਿਆਨ 'ਚ ਸਖ਼ਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ,''ਜੇਪੀ (ਜੈਪ੍ਰਕਾਸ਼ ਨਾਰਾਇਣ) ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਅਖਿਲੇਸ਼ ਯਾਦਵ ਨੇ ਅਜੀਬ ਟਿੱਪਣੀ ਕੀਤੀ ਹੈ ਪਰ ਉਹ ਕਦੇ ਵੀ ਉਸ ਮਰਹੂਮ ਨੇਤਾ ਦੇ ਸਿਧਾਂਤਾਂ ਦੀ ਪਰਵਾਹ ਨਹੀਂ ਕਰਦੇ ਹਨ, ਜਿਸ ਨੇ ਜੀਵਨ ਭਰ ਵੰਸ਼ਵਾਦ ਖ਼ਿਲਾਫ਼ ਲੜਾਈ ਲੜੀ।'' ਦੱਸਣਯੋਗ ਹੈ ਕਿ ਯਾਦਵ ਨੇ ਦੋਸ਼ ਲਗਾਇਆ ਸੀ ਕਿ ਯੋਗੀ ਆਦਿਤਿਆਨਾਥ ਸਰਕਾਰ ਨੇ ਉਨ੍ਹਾਂ ਨੂੰ ਲਖਨਊ 'ਚ ਨਜ਼ਰਬੰਦ ਕਰ ਦਿੱਤਾ ਹੈ ਅਤੇ ਉਹ ਉਨ੍ਹਾਂ ਨੂੰ ਜੇਪੀ ਦੇ ਨਾਂ 'ਤੇ ਬਣੇ ਇਕ ਅੰਤਰਰਾਸ਼ਟਰੀ ਸੰਮੇਲਨ ਕੇਂਦਰ ਜਾਣ ਤੋਂ ਰੋਕਣਾ ਚਾਹੁੰਦੀ ਹੈ। ਜਨਤਾ ਦਲ (ਯੂ) ਦੇ ਬੁਲਾਰੇ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਇਕ ਪਰਿਵਾਰ ਦੇ ਚੰਗੁਲ 'ਚ ਹੈ ਅਤੇ ਇਸ ਲਈ ਯਾਦਵ ਨੂੰ ਜੇਪੀ ਦੀ ਵਿਰਾਸਤ ਨੂੰ ਯਾਦ ਦਿਵਾਉਣ ਦੀ ਹਿੰਮਤ ਨਹੀਂ ਕਰਨੀ ਚਾਹੀਦੀ।'' ਪ੍ਰਸਾਦ ਨੇ ਯਾਦਵ ਦੇ ਬਿਆਨ ਦਾ ਸਮਰਥਨ ਕਰਨ ਲਈ ਕਾਂਗਰਸ ਆਗੂ ਪਵਨ ਖੇੜਾ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸੇ ਕਾਂਗਰਸ ਨੇ ਜੇਪੀ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਅਣਗਿਣਤ ਦੁੱਖ ਦਿੱਤੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8