ਹੋਟਲ ''ਚ ਲੱਗੀ ਭਿਆਨਕ ਅੱਗ; 4 ਲੋਕ ਜ਼ਿੰਦਾ ਸੜੇ, ਔਰਤ ਨੇ ਖਿੜਕੀ ''ਚੋਂ ਬੱਚੇ ਨੂੰ ਸੁੱਟਿਆ ਬਾਹਰ
Thursday, May 01, 2025 - 02:12 PM (IST)

ਅਜਮੇਰ- ਰਾਜਸਥਾਨ ਦੇ ਅਜਮੇਰ 'ਚ ਵੀਰਵਾਰ ਨੂੰ ਇਕ ਹੋਟਲ ਵਿਚ ਅੱਗ ਲੱਗਣ ਦੀ ਘਟਨਾ ਵਿਚ ਇਕ ਬੱਚੇ ਅਤੇ ਇਕ ਔਰਤ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਜਦਕਿ 4 ਹੋਰ ਝੁਲਸ ਗਏ। ਜਾਣਕਾਰੀ ਮੁਤਾਬਕ ਡਿੱਗੀ ਬਾਜ਼ਾਰ ਵਿਚ ਸਥਿਤ ਹੋਟਲ ਨਾਜ਼ ਵਿਚ ਅਚਾਨਕ ਅੱਗ ਲੱਗ ਗਈ ਅਤੇ ਇਸ ਨੇ ਭਿਆਨਕ ਰੂਪ ਲੈ ਲਿਆ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲੋਕਾਂ ਨੇ ਹੋਟਲ ਦੀਆਂ ਖਿੜਕੀਆਂ ਤੋਂ ਛਾਲਾਂ ਮਾਰੀਆਂ ਅਤੇ ਆਪਣੀਆਂ ਜਾਨਾਂ ਬਚਾਈਆਂ। ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਅਨਿਲ ਸਮਾਰੀਆ ਨੇ ਕਿਹਾ ਕਿ ਦੋ ਪੁਰਸ਼, ਇਕ ਔਰਤ ਅਤੇ ਇੱਕ ਚਾਰ ਸਾਲ ਦੇ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਦਮ ਘੁੱਟਣ ਅਤੇ ਸੜਨ ਕਾਰਨ ਹੋਈ।
ਅੱਗ ਲੱਗਣ ਦੀ ਘਟਨਾ ਮਗਰੋਂ ਤੇਜ਼ੀ ਨਾਲ ਧੂੰਆਂ ਹੋਟਲ ਦੇ ਕਮਰਿਆਂ ਵਿਚ ਭਰਨ ਲੱਗਾ। ਸੂਚਨਾ ਮਿਲਣ ਮਗਰੋਂ ਅਫੜਾ-ਦਫੜੀ ਮਚ ਗਈ। ਜਾਨ ਬਚਾਉਣ ਲਈ ਲੋਕ ਇੱਧਰ-ਉੱਧਰ ਦੌੜਨ ਲੱਗੇ। ਇਸ ਦੌਰਾਨ ਦੋ ਲੋਕ ਨਹੀਂ ਦੌੜ ਸਕੇ, ਉਹ ਹੋਟਲ ਦੀ ਅੱਗ ਵਿਚ ਜ਼ਿੰਦਾ ਸੜ ਗਏ। ਹਾਦਸੇ ਦੇ ਸਮੇਂ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀ ਤੋਂ ਬਾਹਰ ਛਾਲਾਂ ਮਾਰ ਦਿੱਤੀਆਂ। ਇਸ ਦੌਰਾਨ ਇਕ ਔਰਤ ਨੇ ਆਪਣੇ ਬੱਚੇ ਨੂੰ ਬਚਾਉਣ ਲਈ ਖਿੜਕੀ ਤੋਂ ਬਾਹਰ ਸੁੱਟ ਦਿੱਤਾ।