ਅਜੀਤ ਨੂੰ ਦੋਹਰਾ ਝਟਕਾ: ਸੰਸਦ ਮੈਂਬਰ ਕੋਲ੍ਹੇ ਤੋਂ ਬਾਅਦ 2 ਵਿਧਾਇਕ ਵੀ ਸ਼ਰਦ ਕੈਂਪ ’ਚ ਪਰਤੇ
Wednesday, Jul 05, 2023 - 12:44 PM (IST)
ਮੁੰਬਈ, (ਏਜੰਸੀਆਂ)- ਮਹਾਰਾਸ਼ਟਰ ਦੀ ਏਕਨਾਥ ਸਰਕਾਰ ’ਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਅਤੇ ਐੱਨ. ਸੀ. ਪੀ. ਨੂੰ ਤੋੜਨ ਵਾਲੇ ਅਜੀਤ ਪਵਾਰ ਨੂੰ 2 ਦਿਨਾਂ ’ਚ ਹੀ ਦੋਹਰਾ ਝਟਕਾ ਲੱਗਾ ਹੈ। ਸਹੁੰ ਚੁਕ ਸਮਾਰੋਹ ’ਚ ਕਥਿਤ ਤੌਰ ’ਤੇ ਮੌਜੂਦ ਐੱਨ. ਸੀ. ਪੀ. ਦੇ ਸੰਸਦ ਮੈਂਬਰ ਅਮੋਲ ਕੋਲ੍ਹੇ ਦੇ ਸ਼ਰਦ ਪਵਾਰ ਕੈਂਪ ਵਿਚ ਵਾਪਸ ਆਉਣ ਤੋਂ ਇਕ ਦਿਨ ਬਾਅਦ ਹੀ ਦੋ ਵਿਧਾਇਕ ਵੀ ਅਜੀਤ ਪਵਾਰ ਨੂੰ ਛੱਡ ਕੇ ਸ਼ਰਦ ਪਵਾਰ ਦੇ ਕੈਂਪ ਵਿਚ ਪਰਤ ਗਏ ਹਨ। ਇਨ੍ਹਾਂ ਵਿਧਾਇਕਾਂ ਵਿੱਚ ਸਤਾਰਾ ਦੇ ਵਿਧਾਇਕ ਮਕਰੰਦ ਪਾਟਿਲ ਅਤੇ ਉੱਤਰੀ ਕਰਾਡ ਦੇ ਵਿਧਾਇਕ ਬਾਲਾ ਸਾਹਿਬ ਪਾਟਿਲ ਸ਼ਾਮਲ ਹਨ।
ਅਜੀਤ ਪਵਾਰ ਕੈਂਪ ਨੇ ਰਾਜ ਭਵਨ ਨੂੰ ਸੌਂਪੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੂੰ ਐੱਨ. ਸੀ. ਪੀ. ਦੇ 40 ਵਿਧਾਇਕਾਂ ਦਾ ਸਮਰਥਨ ਹਾਸਲ ਹੈ।
ਇਸ ਦੇ ਨਾਲ ਹੀ ਤਾਕਤ ਦੇ ਪ੍ਰਦਰਸ਼ਨ ਲਈ ਦੋਵਾਂ ਧੜਿਆਂ ਨੇ ਬੁੱਧਵਾਰ ਵੱਖ-ਵੱਖ ਮੀਟਿੰਗਾਂ ਬੁਲਾਈਆਂ ਹਨ। ਐੱਨ. ਸੀ. ਪੀ. ਦੇ ਸ਼ਰਦ ਪਵਾਰ ਧੜੇ ਨੇ ਬੁੱਧਵਾਰ ਦੁਪਹਿਰ 1 ਵਜੇ ਦੱਖਣੀ ਮੁੰਬਈ ਦੇ ਯਸ਼ਵੰਤ ਰਾਓ ਚਵਾਨ ਕੇਂਦਰ ’ਚ ਪਾਰਟੀ ਦੀ ਮੀਟਿੰਗ ਬੁਲਾਈ ਹੈ, ਜਦਕਿ ਅਜੀਤ ਪਵਾਰ ਨੇ ਸਵੇਰੇ 11 ਵਜੇ ਉਪਨਗਰ ਬਾਂਦਰਾ ’ਚ ਮੁੰਬਈ ਐਜੂਕੇਸ਼ਨ ਟਰੱਸਟ ਦੇ ਕੰਪਲੈਕਸ ’ਚ ਮੀਟਿੰਗ ਬੁਲਾਈ ਹੈ। ਦੋਵਾਂ ਧੜਿਆਂ ਦੀ ਮੀਟਿੰਗ ਤੋਂ ਸਥਿਤੀ ਦੇ ਸਪੱਸ਼ਟ ਹੋਣ ਦੀ ਉਮੀਦ ਹੈ ਕਿ ਕਿੰਨੇ ਵਿਧਾਇਕ ਕਿਸ ਦੇ ਨਾਲ ਹਨ।
ਮੋਦੀ ਵਰਗਾ ਕੋਈ ਨਹੀਂ : ਅਜੀਤ ਪਵਾਰ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਕੋਈ ਨੇਤਾ ਨਹੀਂ ਹੈ। ਉਨ੍ਹਾਂ ਦੱਖਣੀ ਮੁੰਬਈ ਵਿੱਚ ਆਪਣੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਧੜੇ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਮੋਦੀ ਦੀ ਅਗਵਾਈ ਹੇਠ ਦੇਸ਼ ਅੱਗੇ ਵਧ ਰਿਹਾ ਹੈ। ਅਸੀਂ ਉਨ੍ਹਾਂ ਦਾ ਸਮਰਥਨ ਕਰਨ ਲਈ ਸਰਕਾਰ ਨਾਲ ਜੁੜੇ ਹਾਂ।